Chandigarh News : ਛਠ ਦੇ ਤਿਉਹਾਰ ਤੋਂ ਬਾਅਦ MP ਸਤਨਾਮ ਸਿੰਘ ਸੰਧੂ ਨੇ CWT ਨਾਲ ਸੈਕਟਰ 42 ਦੀ ਝੀਲ ਤੇ ਚਲਾਈ ਸਫਾਈ ਮੁਹਿੰਮ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਠ ਪੂਜਾ ਦੇ ਸਥਾਨ ਦੀ ਸਫਾਈ ਦਾ ਬੀੜਾ ਸੰਸਦ ਮੈਂਬਰ ਤੇ ਚੰਡੀਗੜ੍ਹ ਵੈਲਫੇਅਰ ਟ੍ਰਸਟ ਦੇ ਫਾਊਂਡਰ ਸਤਨਾਮ ਸਿੰਘ ਸੰਧੂ ਨੇ ਚੁੱਕਿਆ। ਉਨ੍ਹਾਂ ਸੈਕਟਰ-42 ਦੀ ਝੀਲ ਵਿਖੇ ਛਠ ਦੇ ਪਵਿੱਤਰ ਤਿਉਹਾਰ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਪੂਰੇ ਇਲਾਕੇ ਦੀ ਸਫਾਈ ਕੀਤੀ।

By  KRISHAN KUMAR SHARMA November 9th 2024 06:07 PM -- Updated: November 9th 2024 06:10 PM
Chandigarh News : ਛਠ ਦੇ ਤਿਉਹਾਰ ਤੋਂ ਬਾਅਦ MP ਸਤਨਾਮ ਸਿੰਘ ਸੰਧੂ ਨੇ CWT ਨਾਲ ਸੈਕਟਰ 42 ਦੀ ਝੀਲ ਤੇ ਚਲਾਈ ਸਫਾਈ ਮੁਹਿੰਮ

ਚੰਡੀਗੜ੍ਹ : ਸਾਡੇ ਧਰਮ ਗ੍ਰੰਥਾਂ 'ਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਤੇ ਇਸਦੀ ਬਹੁਤ ਵੱਡੀ ਮਹਿਮਾ ਕੀਤੀ ਗਈ ਹੈ। ਸਾਡਾ ਫਰਜ਼ ਹੈ ਕਿ ਅਸੀਂ ਧਰਤੀ ਮਾਂ ਨੂੰ ਸਾਫ ਰੱਖੀਏ। ਛਠ ਪੂਜਾ ਦੇ ਤਿਓਹਾਰ ਤੋਂ ਬਾਅਦ ਸਾਡੀ ਧਰਮੀ ਮਾਂ ਦੀ ਸਫਾਈ ਜ਼ਰੂਰੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਠ ਪੂਜਾ ਦੇ ਸਥਾਨ ਦੀ ਸਫਾਈ ਦਾ ਬੀੜਾ ਸੰਸਦ ਮੈਂਬਰ ਤੇ ਚੰਡੀਗੜ੍ਹ ਵੈਲਫੇਅਰ ਟ੍ਰਸਟ ਦੇ ਫਾਊਂਡਰ ਸਤਨਾਮ ਸਿੰਘ ਸੰਧੂ ਨੇ ਚੁੱਕਿਆ। ਉਨ੍ਹਾਂ ਸੈਕਟਰ-42 ਦੀ ਝੀਲ ਵਿਖੇ ਛਠ ਦੇ ਪਵਿੱਤਰ ਤਿਉਹਾਰ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਪੂਰੇ ਇਲਾਕੇ ਦੀ ਸਫਾਈ ਕੀਤੀ। ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਚੰਡੀਗੜ੍ਹ ਵੈਲਫੇਅਰ ਟ੍ਰਸਟ ਦੇ ਵਲੰਟੀਅਰ ਪੂਰੀ ਆਸਥਾ ਤੇ ਮਿਹਨਤ ਲਗਨ ਨਾਲ ਇਸ ਮੁਹਿੰਮ ਦਾ ਹਿੱਸਾ ਬਣੇ।

ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਸਿਟੀ ਬਿਊਟੀਫੁਲ ਸਿਰਫ ਸ਼ਬਦਾਂ 'ਚ ਸਿਟੀ ਬਿਊਟੀਫੁਲ ਨਾ ਰਹੇ ਬਲਕਿ ਇਸਨੂੰ ਸੱਚਮੁੱਚ ਅਮਲੀ ਜਾਮਾ ਪਹਿਨਾਇਆ ਜਾਵੇ। ਇਸੇ ਸੋਚ ਤਹਿਤ ਹੀ ਅਸੀਂ ਹਰ ਵਾਰ ਛੱਠ ਦੇ ਤਿਉਹਾਰ ਤੋਂ ਬਾਅਦ ਇਲਾਕੇ ਦੀ ਸਫਾਈ ਕਰਦੇ ਹਾਂ। ਸੰਧੂ ਨੇ ਕਿਹਾ ਕਿ ਸਾਨੂੰ ਮਹਾਮਤਾ ਗਾਂਧੀ ਤੇ ਪੀ ਐਮ ਮੋਦੀ ਜੀ ਦੇ ਸਵੱਛਤਾ ਸੁਨੇਹੇ ਨੂੰ ਦੇਸ਼ ਦੇ ਕੋਨੇ ਕੋਨੇ 'ਚ ਪ੍ਰੈਕਟੀਕਲ ਰੂਪ 'ਚ ਕਰਨਾ ਪਵੇਗਾ ਤਾਂ ਕਿ ਪਵਿੱਤਰ ਧਰਤੀ ਮਾਂ ਸਾਨੂੰ ਹਮੇਸ਼ਾਂ ਅਸ਼ੀਰਵਾਦ ਦਿੰਦੀ ਰਹੇ। ਉਨ੍ਹਾਂ ਕਿਹਾ ਕਿ ਅਸੀਂ ਸਵੱਛਤਾ ਲਈ ਹਮੇਸ਼ਾਂ ਵਚਨਬੱਧ ਹਾਂ ਤੇ ਲਗਾਤਾਰ ਇਸ 'ਤੇ ਕੰਮ ਕਰਦੇ ਰਹਾਂਗੇ।

ਉਨ੍ਹਾਂ ਕਿਹਾ ਕਿ "ਛਠ ਪੂਜਾ ਇੱਕ ਪ੍ਰਮੁੱਖ ਹਿੰਦੂ ਤਿਉਹਾਰ ਹੈ, ਜੋ ਸੂਰਜ ਦੇਵਤਾ ਦੀ ਪੂਜਾ ਨੂੰ ਸਮਰਪਿਤ ਹੁੰਦਾ ਹੈ। ਚੰਡੀਗੜ੍ਹ ਵਾਸੀ ਇਸਨੂੰ ਪਿਆਰ, ਸਦਭਾਵਨਾ ਤੇ ਸਾਂਝੀਵਾਲਤਾ ਨਾਲ ਮਨਾਉਂਦੇ ਹਨ। ਸਾਡਾ ਫਰਜ਼ ਹੈ ਕਿ ਅਸੀਂ ਤਿਉਹਾਰ ਦੇ ਨਾਲ-ਨਾਲ ਗੁਰੂਆਂ, ਰਿਸ਼ੀਆਂ, ਮੁਨੀਆਂ ਦੇ ਸਵੱਛਤਾ ਸੁਨੇਹੇ ਨੂੰ ਵੀ ਯਾਦ ਰੱਖੀਏ" ।

ਉਨਾਂ ਕਿਹਾ ਕਿ ਪ੍ਰੇਮ ਤੇ ਭਾਈਚਾਰੇ ਦੇ ਤਿਉਹਾਰ ਛਠ ਨਾਲ ਸਾਡੀਆਂ ਸਮਾਜਿਕ ਤੇ ਧਾਰਮਿਕ ਸਾਂਝਾ ਹੋਰ ਗੂੜ੍ਹੀਆਂ ਹੁੰਦੀਆਂ ਹਨ ਤੇ ਭਾਈਚਾਰਾ ਵਧਦਾ ਹੈ। ਸੰਧੂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਭਗਵਾਨ ਭਾਸਕਰ ਅਤੇ ਛਠੀ ਮਾਤਾ ਉਨ੍ਹਾਂ ਤੋਂ ਹਰ ਵਾਰ ਖੁਦ ਸੇਵਾ ਲੈਂਦੇ ਨੇ ਤੇ ਇਸ ਵਾਰ ਵੀ ਉਨ੍ਹਾਂ ‘ਤੇ ਮਾਤਾ ਨੇ ਮਿਹਰ ਕੀਤੀ ਹੈ।

ਉਨ੍ਹਾਂ ਇਸ ਪਵਿੱਤਰ ਤਿਓਹਾਰ ਮੌਕੇ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 'ਛਠ ਪੂਜਾ ਦਾ ਪਵਿੱਤਰ ਤਿਉਹਾਰ ਚੜ੍ਹਦੇ ਅਤੇ ਡੁੱਬਦੇ ਸੂਰਜ ਦੀ ਪੂਜਾ ਨਾਲ ਜੁੜਿਆ ਹੋਇਆ ਹੈ, ਜੋ ਸਾਡੇ ਜੀਵਨ 'ਚ ਉਤਰਾਅ-ਚੜਾਅ ਦਾ ਪ੍ਰਤੀਕ ਵੀ ਹੁੰਦਾ ਹੈ। ਅੱਜ ਅਸੀਂ ਸਾਰੇ ਇਸ ਪਵਿੱਤਰ ਤਿਉਹਾਰ ਦੀ ਸਮਾਪਤੀ ਮੌਕੇ ਸਫਾਈ ਮੁਹਿੰਮ ਵੀ ਚਲਾ ਰਹੇ ਹਾਂ ਕਿਓਂਕਿ ਆਪਣੇ ਦੇਸ਼, ਰਾਜ, ਘਰ ਨੂੰ ਸਾਫ ਰੱਖਣ ਦੀ ਜਿੰਮੇਦਾਰੀ ਸਾਡੀ ਹੀ ਹੈ ਅਤੇ ਅਸੀਂ ਸਾਰੇ ਇੱਕ ਪਰਿਵਾਰ ਵਾਂਗ ਹਾਂ ਤੇ ਚੰਡੀਗੜ੍ਹ ਵੀ ਸਾਡਾ ਆਪਣਾ ਘਰ ਹੀ ਹੈ।"

'ਸਿਟੀ ਬਿਊਟੀਫੁੱਲ' ਚੰਡੀਗੜ੍ਹ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ, "ਅਸੀਂ ਸਵੱਛ ਭਾਰਤ ਮੁਹਿੰਮ ਦੇ 10 ਸਾਲ ਪੂਰੇ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੇਸ਼ ਨੂੰ ਇੱਕ ਸਵੱਛ ਅਤੇ ਸਵੈ-ਨਿਰਭਰ ਦੇਸ਼ ਬਣਾਉਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਰਹੇ ਹਾਂ। ਇਸ ਮੌਕੇ ਪੂਰਵਾਂਚਲ ਯੁਵਾ ਸਮਿਤੀ ਦੇ ਸਕੱਤਰ ਅਚਾਰੀਆ ਰਾਜਿੰਦਰ ਮਿਸ਼ਰਾ ਦੀ ਤਰਫੋਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸਫਾਈ ਮੁਹਿੰਮ ਲਈ ਸਨਮਾਨਿਤ ਕੀਤਾ ਗਿਆ।

Related Post