ਐਮਪੀ ਪ੍ਰਨੀਤ ਕੌਰ ਨੇ ਨੋਟਿਸ ਦਾ ਦਿੱਤਾ ਜਵਾਬ, ਕਿਹਾ ''ਜਿਹੜਾ ਫ਼ੈਸਲਾ ਚੰਗਾ ਲੱਗਦਾ ਪਾਰਟੀ ਕਰ ਲਵੇ''
ਪਟਿਆਲਾ : ਕਾਂਗਰਸ ਪਾਰਟੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦਰਮਿਆਨ ਤਲਖੀ ਭਖਦੀ ਜਾ ਰਹੀ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਜਾਰੀ ਨੋਟਿਸ ਦਾ ਟਵੀਟ ਰਾਹੀਂ ਜਵਾਬ ਦਿੰਦੇ ਪ੍ਰਨੀਤ ਕੌਰ ਨੇ ਲਿਖਿਆ ਕਾਂਗਰਸ ਪਾਰਟੀ ਨੂੰ ਜਿਹੜਾ ਵੀ ਫ਼ੈਸਲਾ ਚੰਗਾ ਲੱਗਦੈ, ਉਹ ਲੈ ਸਕਦੀ ਹੈ। ਉਨ੍ਹਾਂ ਕਾਂਗਰਸ ਲਈ ਹਮੇਸ਼ਾ ਚੰਗਾ ਹੀ ਕੀਤਾ ਤੇ ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਨੇ ਵਾਰ-ਵਾਰ ਉਨ੍ਹਾਂ ਨੂੰ ਚੁਣਿਆ।
ਮੈਂ ਜਨਤਾ ਦੀ ਸੇਵਾ ਹਮੇਸ਼ਾ ਕਰਦੀ ਰਹਾਂਗੀ। ਫ਼ੈਸਲਾ ਪਾਰਟੀ ਉੱਪਰ ਛੱਡਦੀ ਹਾਂ। ਜਨਤਾ ਮੇਰੀ ਤਾਕਤ ਹੈ, ਬਾਕੀ ਸਭ ਕੁਝ ਉਸ ਤੋਂ ਬਾਅਦ। ਇਸ ਤੋਂ ਬਾਅਦ ਮੋਤੀ ਮਹਿਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਪਟਿਆਲਾ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਨੋਟਿਸ ਦੇ ਜਵਾਬ ਬਾਰੇ ਉਨ੍ਹਾਂ ਨੇ ਕਿਹਾ ਕਿ ਸਮੇਂ ਆਉਣ ਉਤੇ ਮੀਡੀਆ ਨੂੰ ਦੱਸ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ ਪਰਨੀਤ ਕੌਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਬੀਤੇ ਕੱਲ੍ਹ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਦਰਅਸਲ ਰਾਜਾ ਵੜਿੰਗ ਨੇ ਪਰਨੀਤ ਕੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਸੀ...ਜਿਸ ਦਾ ਜਵਾਬ ਉਨ੍ਹਾਂ ਨੇ ਅੱਜ ਟਵੀਟ ਰਾਹੀਂ ਦੇ ਦਿੱਤਾ।
ਰਿਪੋਰਟ-ਗਗਨਦੀਪ ਆਹੂਜਾ