ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਕੀਤੀ ਨਿਖੇਧੀ, MP ਕਿਰਨ ਖੇਰ ਨੇ ਕਿਹਾ- ਰੋਂਦੂ ਰਾਮ

By  KRISHAN KUMAR SHARMA March 14th 2024 08:36 PM -- Updated: March 14th 2024 09:14 PM
ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਕੀਤੀ ਨਿਖੇਧੀ, MP ਕਿਰਨ ਖੇਰ ਨੇ ਕਿਹਾ- ਰੋਂਦੂ ਰਾਮ

ਚੰਡੀਗੜ੍ਹ: ਚੰਡੀਗੜ੍ਹ ਭਾਜਪਾ ਨੇ ਵੀਰਵਾਰ ਮੇਅਰ ਕੁਲਦੀਪ ਕੁਮਾਰ ਟੀਟਾ ਅਤੇ ਸਿਟੀ 'ਆਪ' ਦੇ ਸਹਿ-ਇੰਚਾਰਜ ਐਸ.ਐਸ. ਆਹਲੂਵਾਲੀਆ 'ਤੇ ਮੁਫ਼ਤ ਪਾਣੀ ਦੇਣ ਦਾ ਝੂਠਾ ਵਾਅਦਾ ਕਰਨ ਅਤੇ ਸੰਸਦ ਮੈਂਬਰ ਕਿਰਨ ਖੇਰ 'ਤੇ ਵਿਤਕਰਾ ਕਰਨ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ।

ਪ੍ਰੈਸ ਕਾਨਫਰੰਸ ਵਿੱਚ ਭਾਜਪਾ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਸਦ ਮੈਂਬਰ ਰਾਘਵ ਚੱਢਾ ਪੰਜਾਬ ਦੇ ਸੁਪਰ ਸੀਐਮ ਵਜੋਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਸੇ ਤਰ੍ਹਾਂ ਆਹਲੂਵਾਲੀਆ ਚੰਡੀਗੜ੍ਹ ਦੇ ਸੁਪਰ ਮੇਅਰ ਵਜੋਂ ਕੰਮ ਕਰ ਰਹੇ ਹਨ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ, "ਚੰਡੀਗੜ੍ਹ ਦੇ ਵਸਨੀਕ ਬਾਹਰੀ ਲੋਕਾਂ ਨੂੰ ਸਵੀਕਾਰ ਨਹੀਂ ਕਰਨਗੇ। ਚੰਡੀਗੜ੍ਹ ਦੇ ਲੋਕ ਪੜ੍ਹੇ-ਲਿਖੇ ਅਤੇ ਸਭਿਅਕ ਹਨ ਅਤੇ 'ਆਪ' ਵੱਲੋਂ ਪੇਸ਼ ਕੀਤੇ ਗਏ ਮੁਫਤ ਦੇ ਜਾਲ ਵਿੱਚ ਫਸਣ ਵਾਲੇ ਨਹੀਂ ਹਨ।"

ਮੇਅਰ 'ਤੇ ਚੁਟਕੀ ਲੈਂਦਿਆਂ ਮਲਹੋਤਰਾ ਨੇ ਕਿਹਾ, "ਉਹ ਆਹਲੂਵਾਲੀਆ ਨੂੰ ਚੰਡੀਗੜ੍ਹ ਦਾ ਨਵਾਂ ਹੀਰੋ ਬਣਾਉਣ 'ਤੇ ਤੁਲਿਆ ਹੋਇਆ ਹੈ। ਆਹਲੂਵਾਲੀਆ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਆਪਣੀ ਡਾਕਟਰੇਟ ਛੱਡ ਕੇ ਕੁਲਦੀਪ ਸਿੰਘ ਟੀਟਾ ਨੂੰ ਵਰਤ ਕੇ ਸੁਪਰ ਮੇਅਰ ਬਣ ਗਿਆ ਹੈ। ਆਮ ਆਦਮੀ ਪਾਰਟੀ ਸਿਰਫ਼ ਝੂਠੇ ਵਾਅਦੇ ਹੀ ਕਰ ਸਕਦੀ ਹੈ।"

ਕਿਰਨ ਖੇਰ ਨੇ ਮੇਅਰ ਨੂੰ ਕਿਹਾ 'ਰੋਂਦੂ ਰਾਮ'

ਵਿਤਕਰੇਬਾਜ਼ੀ ਦੇ ਦੋਸ਼ਾਂ 'ਤੇ ਸੰਸਦ ਮੈਂਬਰ ਕਿਰਨ ਖੇਰ ਨੇ ਟੀਟਾ 'ਤੇ ਜੰਮ ਕੇ ਗੁੱਸਾ ਜ਼ਾਹਰ ਕੀਤਾ ਅਤੇ ਉਸ ਨੂੰ 'ਰੋਂਦੂ ਰਾਮ' ਦਾ ਨਾਂ ਦਿੱਤਾ। ਉਨ੍ਹਾਂ ਕਿਹਾ, ''ਜੇਕਰ ਸਿਹਤ ਕਾਰਨਾਂ ਅਤੇ ਇਨਫੈਕਸ਼ਨ ਨੂੰ ਰੋਕਣ ਲਈ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਕੀ ਇਸ ਨੂੰ ਭੇਦਭਾਵ ਕਹਿਣਾ ਸਹੀ ਹੈ।'' ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਕਦੇ ਵੀ ਕਿਸੇ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ।"

ਉਨ੍ਹਾਂ ਕਿਹਾ, "ਕੁਲਦੀਪ ਖੁਦ ਵੀ ਜਾਣਦਾ ਹੈ, ਪਰ ਉਹ ਅਣਜਾਣ ਬਣ ਰਿਹਾ ਹੈ, ਉਹ ਖੁਦ ਨੂੰ ਬੱਚਾ ਕਹਿੰਦਾ ਹੈ। ਚੰਡੀਗੜ੍ਹ ਦਾ ਮੇਅਰ ਬੱਚਾ ਨਹੀਂ ਹੈ ਅਤੇ ਨਾ ਹੀ ਉਸ ਨੂੰ ਬੱਚਿਆਂ ਵਾਂਗ ਰੋਣਾ ਚਾਹੀਦਾ ਹੈ। ਕੁਲਦੀਪ ਟੀਟਾ ਨੇ ਹਰ ਗੱਲਬਾਤ ਦੌਰਾਨ ਰੋਣ ਦੀ ਆਦਤ ਪਾ ਲਈ ਹੈ। ਇਸੇ ਕਰਕੇ ਮੈਂ ਹੁਣ ਉਸ ਨੂੰ ਕੁਲਦੀਪ ਸਿੰਘ ਨਹੀਂ ਸਗੋਂ 'ਰੋਂਦੂ ਰਾਮ ਕਹਾਂਗੀ'।''

ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਮੀਤ ਪ੍ਰਧਾਨ ਦੇਵੇਂਦਰ ਬਬਲਾ, ਕੈਲਾਸ਼ ਜੈਨ, ਜਨਰਲ ਸਕੱਤਰ ਅਮਿਤ ਜਿੰਦਲ, ਸੂਬਾ ਸਕੱਤਰ ਤੇ ਮੀਡੀਆ ਇੰਚਾਰਜ ਸੰਜੀਵ ਰਾਣਾ, ਸੂਬਾ ਸਕੱਤਰ ਕ੍ਰਿਸ਼ਨ ਕੁਮਾਰ, ਹੁਕਮਚੰਦ, ਭਾਜਪਾ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਅਮਿਤ ਖੇਰਵਾ ਤੇ ਹੋਰ ਅਧਿਕਾਰੀ ਹਾਜ਼ਰ ਸਨ।

Related Post