ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪ੍ਰਧਾਨ ਮੰਤਰੀ ਬਾਜੇਕੇ ਲੜਣਗੇ ਚੋਣ, ਡਿਬਰੂਗੜ੍ਹ ਜੇਲ੍ਹ ’ਚ ਹਨ ਬੰਦ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਬਾਜੇਕੇ ਵਿਧਾਨ ਸਭਾ ਸੀਟ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨਗੇ।

By  Dhalwinder Sandhu June 26th 2024 10:56 AM -- Updated: June 26th 2024 11:01 AM

Bhagwant Singh Bajeke will Contest Giddarbaha By Election: ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਦੇ ਪੁੱਤਰ ਆਕਾਸ਼ਦੀਪ ਸਿੰਘ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕੀਤਾ ਹੈ। ਭਗਵੰਤ ਸਿੰਘ ਨੇ ਇਹ ਫੈਸਲਾ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਲਿਆ ਹੈ।

ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਲੜਨਗੇ ਜ਼ਿਮਨੀ ਚੋਣ 

ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇੱਥੋਂ ਉਨ੍ਹਾਂ ਦਾ ਸਿਆਸੀ ਕਰੀਅਰ ਸ਼ੁਰੂ ਹੋਣ ਜਾ ਰਿਹਾ ਹੈ। ਬਾਜੇਕੇ ਕਿਸਾਨ ਅੰਦੋਲਨ ਵਿੱਚ ਵੀ ਕਾਫੀ ਸਰਗਰਮ ਰਹੇ ਹਨ। ਉਹ ਅਕਸਰ ਕਿਸਾਨਾਂ ਦੇ ਅੰਦੋਲਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।


ਰਾਜਾ ਵੜਿੰਗ ਦੇ ਸਾਂਸਦ ਬਣਨ ਤੋਂ ਬਾਅਦ ਖਾਲੀ ਹੋਈ ਹੈ ਸੀਟ

ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ। ਹੁਣ ਸੰਸਦ ਮੈਂਬਰ ਬਣਨ ਤੋਂ ਬਾਅਦ ਇਸ ਸੀਟ 'ਤੇ ਵਿਧਾਨ ਸਭਾ ਉਪ ਚੋਣ ਹੋਣੀ ਹੈ। 

ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਪ੍ਰਧਾਨ ਮੰਤਰੀ ਬਾਜੇਕੇ 

ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅੰਮ੍ਰਿਤਪਾਲ ਸਿੰਘ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਭਗਵੰਤ ਸਿੰਘ ਬਾਜੇਕੇ ਨੂੰ ਪੁਲਿਸ ਨੇ 18 ਮਾਰਚ 2024 ਨੂੰ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਿਸ ਬਾਜੇਕੇ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਫੇਸਬੁੱਕ 'ਤੇ ਲਾਈਵ ਹੋ ਗਿਆ। ਮੋਗਾ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਫੜ ਲਿਆ। ਜੇਕਰ ਬਾਜੇਕੇ ਚੋਣ ਲੜਦੇ ਹਨ ਤਾਂ ਉਨ੍ਹਾਂ ਨੂੰ ਵੀ ਜੇਲ੍ਹ ਤੋਂ ਹੀ ਚੋਣ ਲੜਨੀ ਪਵੇਗੀ। ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਅਤੇ ਭਗਵੰਤ ਸਿੰਘ ਬਾਜੇਕੇ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ (NSA) ਗ੍ਰਿਫਤਾਰ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂ ਦੇ ਐਲਾਨ ਤੋਂ ਬਾਅਦ ਮਾਹੌਲ ਗਰਮ

ਹੁਣ ਤੱਕ ਪੰਜਾਬ ਦੀ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉੱਘੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦਾ ਨਾਂ ਐਲਾਨ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਸੀਟ 'ਤੇ ਲੰਬੇ ਸਮੇਂ ਤੋਂ ਕਾਂਗਰਸ ਦਾ ਕਬਜ਼ਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਵਾਂਗ ਪ੍ਰਧਾਨ ਮੰਤਰੀ ਬਾਜੇਕੇ ਵੀ ਜਿੱਤਦੇ ਹਨ ਜਾਂ ਨਹੀਂ? 

ਕੌਣ ਹੈ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ?

ਐੱਨਐੱਸਏ ਤਹਿਤ ਅੰਮ੍ਰਿਤਪਾਲ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਮੋਗਾ ਦੇ ਪਿੰਡ ਧਰਮਕੋਟ ਦਾ ਵਸਨੀਕ ਹੈ। ਪਿਛਲੇ ਹਫ਼ਤੇ ਜਦੋਂ ਭਗਵੰਤ ਸਿੰਘ ਦੀ ਸਿਹਤ ਵਿਗੜ ਗਈ ਸੀ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਦੀ ਮੰਗ ਕੀਤੀ ਸੀ। 

ਭਗਵੰਤ ਸਿੰਘ 8ਵੀਂ ਪਾਸ ਹੈ, ਉਸ ਕੋਲ 4 ਏਕੜ ਜ਼ਮੀਨ ਹੈ

ਪੁਲਿਸ ਦਸਤਾਵੇਜ਼ਾਂ ਅਨੁਸਾਰ ਭਗਵੰਤ ਸਿੰਘ 8ਵੀਂ ਪਾਸ ਹੈ। ਉਸ ਕੋਲ 4 ਏਕੜ ਜ਼ਮੀਨ ਹੈ ਤੇ ਇੱਕ ਘਰ ਵੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਗਾਲ੍ਹਾਂ ਕੱਢਦਾ ਦੇਖਿਆ ਜਾਂਦਾ ਹੈ। ਪਿੰਡ ਦੇ ਲੋਕਾਂ ਨਾਲ ਉਸਦੇ ਸਬੰਧ ਚੰਗੇ ਨਹੀਂ ਹਨ। ਅੰਮ੍ਰਿਤਪਾਲ ਸਿੰਘ ਦੇ ਸੰਪਰਕ 'ਚ ਆਉਣ ਤੋਂ ਬਾਅਦ ਭਗਵੰਤ ਸਿੰਘ ਦੇ ਖਿਲਾਫ ਜਨਤਕ ਤੌਰ 'ਤੇ ਹਥਿਆਰਾਂ ਦੀ ਨਿਸ਼ਾਨਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਕੋਲ ਕੋਈ ਹਥਿਆਰਾਂ ਦਾ ਲਾਇਸੈਂਸ ਨਹੀਂ ਸੀ। ਭਗਵੰਤ ਸਿੰਘ ਖਿਲਾਫ ਹੁਣ ਤੱਕ ਕੁੱਲ 8 ਕੇਸ ਦਰਜ ਹਨ। 

ਇਹ ਵੀ ਪੜ੍ਹੋ: ਪੇਸ਼ੀ ’ਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਲਈ ਨਵਾਂ ਨਿਯਮ, ਹੁਣ ਨਹੀਂ ਹੋਵੇਗੀ ਖੱਜਲ-ਖੁਆਰੀ  

ਇਹ ਵੀ ਪੜ੍ਹੋ: ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀਆਂ ਦੇ ਮਾਮਲੇ 'ਤੇ ਹਾਈਕੋਰਟ ਦੀ ਟਿੱਪਣੀ, ਕਿਹਾ- ਪਸੰਦ ਦਾ ਕੀਤਾ ਜਾਵੇ ਸਨਮਾਨ

Related Post