ਮੂਸੇਵਾਲੇ ਦੇ ਕਾਤਲ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਮਜਬੂਰ ਪਿਤਾ ਦਾ ਝਲਕਿਆ ਦਰਦ

By  Jasmeet Singh December 1st 2022 02:19 PM -- Updated: December 1st 2022 02:20 PM

ਅੰਮ੍ਰਤਿਸਰ, 1 ਦਸੰਬਰ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਪਹੁੰਚੇ। ਇੱਥੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਪ੍ਰਬੰਧਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ। 


ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੰਗਤਾਂ ਦਾ ਵੱਡਾ ਇਕੱਠ ਵੀ ਮੌਜੂਦ ਰਿਹਾ। ਇਸ ਮੌਕੇ ਤੇ ਸਿੱਧੂ ਮੂਸੇਵਾਲਾ ਨੇ ਪੰਜਾਬ ਸਰਕਾਰ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨੂੰ ਲੰਮਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਇਨਸਾਫ਼ ਉਨ੍ਹਾਂ ਦੀ ਝੋਲੀ ਨਹੀਂ ਪਿਆ। 

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਕੋਲ ਪੈਸਾ ਨਹੀਂ ਤਾਂ ਉਹ ਆਪਣੀ ਜ਼ਮੀਨ ਵੇਚ ਕੇ 2 ਕਰੋੜ ਰੁਪਏ ਵੀ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਯੂ.ਕੇ. ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦੇ ਕੋਲ ਯੂ.ਕੇ. ਦੀ ਪੀ.ਆਰ. ਵੀ ਹੈ ਪਰ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੇ ਨਾਲ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਉਸ ਨੂੰ ਆਪਣੇ ਪਿੰਡ ਦੇ ਨਾਲ ਬੇਹੱਦ ਪਿਆਰ ਸੀ। 

ਇਹ ਵੀ ਪੜ੍ਹੋ: ਦੁਸ਼ਮਣਾ ਦੇ ਡਰੋਨਾਂ ਨੂੰ ਹੇਠਾਂ ਲਿਆਉਣ ਲਈ ਇੱਲਾਂ ਤੇ ਕੁੱਤਿਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਪੰਜਾਬ ਸਰਕਾਰ 'ਤੇ ਵਰਦੇ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਪੰਜਾਬ ਦੀ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂ.ਪੀ. ਦੇ ਵਿੱਚੋ ਯੋਗੀ ਸਰਕਾਰ ਸਾਰਾ ਗੰਦ ਸਾਫ ਕਰ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਦੇ ਕੋਲ ਕਿਸ ਚੀਜ ਦੀ ਕਮੀ ਹੈ।

Related Post