Mohali News : ਪਿੰਡ ਮੁੰਧੋਂ ਸੰਗਤੀਆਂ ਦੀ ਪੰਚਾਇਤ ਨੇ ਪਾਇਆ ਮਤਾ, ਕਿਹਾ- ਪਿੰਡ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਕੋਈ ਪਰਵਾਸੀ
Mohali News : ਪਿੰਡ ਦੀ ਪੰਚਾਇਤ ਨੇ ਪਰਵਾਸੀਆਂ ਖਿਲਾਫ਼ ਮਤਾ ਪਾਇਆ ਹੈ ਕਿ ਕਿਸੇ ਵੀ ਪਰਵਾਸੀ ਨੂੰ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਵੇਗਾ। ਲੋਕਾਂ ਵੱਲੋਂ ਪਿੰਡ ਵਿਚੋਂ ਪਰਵਾਸੀਆਂ ਕੋਲੋਂ ਘਰ ਵੀ ਖਾਲੀ ਕਰਵਾਏ ਗਏ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਪਿੰਡ ਛੱਡਣ ਲਈ ਹਫਤੇ ਦਾ ਸਮਾਂ ਦਿੱਤਾ ਗਿਆ।
Mohali News : ਮੋਹਾਲੀ ਦੇ ਕੁਰਾਲੀ ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੀ ਪੰਚਾਇਤ ਨੇ ਪਰਵਾਸੀਆਂ ਖਿਲਾਫ਼ ਵੱਡਾ ਐਲਾਨ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਪਰਵਾਸੀਆਂ ਖਿਲਾਫ਼ ਮਤਾ ਪਾਇਆ ਹੈ ਕਿ ਕਿਸੇ ਵੀ ਪਰਵਾਸੀ ਨੂੰ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਵੇਗਾ। ਲੋਕਾਂ ਵੱਲੋਂ ਪਿੰਡ ਵਿਚੋਂ ਪਰਵਾਸੀਆਂ ਕੋਲੋਂ ਘਰ ਵੀ ਖਾਲੀ ਕਰਵਾਏ ਗਏ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਪਿੰਡ ਛੱਡਣ ਲਈ ਹਫਤੇ ਦਾ ਸਮਾਂ ਦਿੱਤਾ ਗਿਆ।
ਪਿੰਡ ਦੀ ਪੰਚਾਇਤ ਦੇ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਪਿੰਡ ਵਿੱਚ ਕਿਸੇ ਵੀ ਪਰਵਾਸੀ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਕਿਸੇ ਵੀ ਪਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ ਅਤੇ ਨਾ ਹੀ ਵੋਟਰ ਕਾਰਡ ਬਣਨ ਦਿੱਤੇ ਜਾਣਗੇ।
ਮਤੇ ਸਬੰਧੀ ਪਿੰਡ ਮੁੰਧੋ ਸੰਗਤੀਆਂ ਦੇ ਨੌਜਵਾਨ ਜਗਮੋਹਨ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਪਿੰਡ ਵਾਸੀ ਕਾਫੀ ਪ੍ਰੇਸ਼ਾਨ ਹਨ। ਨਤੀਜੇ ਵੱਜੋਂ ਪੰਚਾਇਤ ਵੱਲੋਂ ਇਹ ਫੈਸਲਾ ਕਰਨਾ ਪਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਲੋਕ ਪਿੰਡ ਵਿੱਚ ਅਵਾਰਾਗਰਦੀ, ਖੁੱਲ੍ਹੇ ਆਮ ਸਿਗਰਟ ਬੀੜੀ ਤੰਬਾਕੂ ਦੀ ਵਰਤੋਂ ਸ਼ਰਾਬ ਪੀ ਕੇ ਲੜਾਈ-ਝਗੜੇ ਕਰਨ ਅਤੇ ਚੋਰੀ ਦੀਆਂ ਘਟਨਾਵਾਂ ਹੋਣ ਕਾਰਨ ਵੀ ਪ੍ਰੇਸ਼ਾਨ ਸਨ। ਇਸ ਲਈ ਹੁਣ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਉਕਤ ਮਤਾ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਹੁਣ ਮਤੇ ਅਨੁਸਾਰ ਪਰਵਾਸੀਆਂ ਨੂੰ ਪਿੰਡ ਵਿੱਚ ਰਹਿਣ ਲਈ ਕਿਸੇ ਤਰ੍ਹਾਂ ਦਾ ਕੋਈ ਕਮਰਾ ਜਾਂ ਮਕਾਨ ਵੀ ਨਹੀਂ ਦਿੱਤਾ ਜਾਵੇਗਾ। ਪਰ ਜੇ ਕੋਈ ਵੀ ਜਿਮੀਂਦਾਰ ਪਰਿਵਾਰ ਖੇਤੀ ਲਈ ਇਨ੍ਹਾਂ ਤੋਂ ਮਦਦ ਲੈਂਦਾ ਹੈ ਤਾਂ ਉਹ ਇਨ੍ਹਾਂ ਨੂੰ ਖੇਤ ਵਿੱਚ ਰਿਹਾਇਸ਼ ਦੇ ਸਕਦਾ ਹੈ।
ਪਰਵਾਸੀਆਂ 'ਚ ਨਿਰਾਸ਼ਾ
ਦੂਜੇ ਪਾਸੇ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਉਹ ਰੋਜ਼ੀ ਰੋਟੀ ਦੀ ਖਾਤਰ ਪੰਜਾਬ ਵਿੱਚ ਆਏ ਹਨ ਤੇ ਪੰਜਾਬ ਨੇ ਉਨ੍ਹਾਂ ਨੂੰ ਰੋਜ਼ੀ-ਰੋਟੀ ਤੇ ਇੱਜ਼ਤ ਬਖਸ਼ੀ ਵੀ ਹੈ ਪਰ ਹੁਣ ਪਿੰਡ ਵਾਸੀਆਂ ਵੱਲੋਂ ਅਜਿਹਾ ਮਤਾ ਪਾਉਣ ਨਾਲ ਉਹ ਕਾਫੀ ਨਿਰਾਸ਼ ਹਨ। ਉਹ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਜਿਹਾ ਕਦਮ ਨਾ ਚੁੱਕਣ।