Mohali Building Accident: ਮੁਹਾਲੀ ਬਿਲਡਿੰਗ ਹਾਦਸੇ 'ਚ ਵੱਡੀ ਅਪਡੇਟ, ਪੁਲਿਸ ਨੇ ਬਿਲਡਿੰਗ ਮਾਲਕ ਤੇ ਠੇਕੇਦਾਰ ਨੂੰ ਕੀਤਾ ਗ੍ਰਿਫ਼ਤਾਰ
Mohali News: ਮੁਹਾਲੀ ਬਿਲਡਿੰਗ ਹਾਦਸੇ 'ਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 2 ਲੋਕਾਂ ਨੂੰ ਗ੍ਰਿਫ਼ਤਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਲੋਕਾਂ 'ਚ ਬਿਲਡਿੰਗ ਦੇ ਮਾਲਕ ਪਰਵਿੰਦਰ, ਗਗਨਦੀਪ ਅਤੇ ਬਿਲਡਿੰਗ ਦਾ ਠੇਕਦਾਰ ਸ਼ਾਮਲ ਹੈ
Mohali News: ਮੁਹਾਲੀ ਬਿਲਡਿੰਗ ਹਾਦਸੇ 'ਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 2 ਲੋਕਾਂ ਨੂੰ ਗ੍ਰਿਫ਼ਤਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਲੋਕਾਂ 'ਚ ਬਿਲਡਿੰਗ ਦੇ ਮਾਲਕ ਪਰਵਿੰਦਰ, ਗਗਨਦੀਪ ਅਤੇ ਬਿਲਡਿੰਗ ਦਾ ਠੇਕਦਾਰ ਸ਼ਾਮਲ ਹੈ। ਦੱਸਣਯੋਗ ਹੈ ਕਿ ਮੋਹਾਲੀ ਦੇ ਸੋਹਾਣਾ ਪਿੰਡ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸ ਦੌਰਾਨ 2 ਲੋਕਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਸੀ।
ਇਮਾਰਤ ਢਹਿਣ ਵਾਲੀ ਥਾਂ 'ਤੇ ਐੱਨ. ਡੀ. ਆਰ. ਐੱਫ. ਅਤੇ ਫ਼ੌਜ, ਪੁਲਸ, ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ 23 ਘੰਟੇ ਚੱਲੇ ਲਗਾਤਾਰ ਬਚਾਅ ਕਾਰਜਾਂ ਨੂੰ ਪੂਰਾ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਦੀਪਕ ਪਾਰੀਕ ਅਤੇ ਨਗਰ ਨਿਗਮ ਕਮਿਸ਼ਨਰ ਟੀ ਬੇਨਿਥ ਨੇ ਦੱਸਿਆ ਕਿ ਮਲਬੇ ’ਚ ਫਸੇ ਵਿਅਕਤੀਆਂ ਜਿਨ੍ਹਾਂ ਦੀ ਸ਼ੁਰੂਆਤ ’ਚ ਸਹੀ ਗਿਣਤੀ ਦਾ ਪਤਾ ਨਹੀਂ ਸੀ ਲੱਗ ਸਕਿਆ, ਨੂੰ ਕੱਢਣ ਲਈ ਵੱਡੇ ਆਪਰੇਸ਼ਨ ਨੂੰ ਹੌਂਸਲਾ ਉਦੋਂ ਮਿਲਿਆ, ਜਦੋਂ ਇਕ ਗੰਭੀਰ ਜ਼ਖਮੀ ਕੁੜੀ ਨੂੰ ਮਲਬੇ ’ਚੋਂ ਕੱਢਿਆ ਗਿਆ।
ਇਸ ਤੋਂ ਬਾਅਦ ਐਤਵਾਰ ਸ਼ਾਮ 4.30 ਵਜੇ ਤੱਕ ਚੱਲੇ ਆਪਰੇਸ਼ਨ ਤੋਂ ਬਾਅਦ ਐੱਨ. ਡੀ. ਆਰ. ਐੱਫ. ਵੱਲੋਂ ਸਪੱਸ਼ਟ ਕੀਤਾ ਗਿਆ ਕਿ ਮਲਬੇ ਹੇਠਾਂ ਹੋਰ ਕਿਸੇ ਵੀ ਵਿਅਕਤੀ ਦੇ ਦੱਬੇ ਹੋਣ ਦੀ ਸੰਭਾਵਨਾ ਨਹੀਂ ਹੈ। ਹਾਦਸੇ ਦੌਰਾਨ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੇ ਦੱਸਿਆ ਕਿ ਇਸ ਪੂਰੇ ਆਪਰੇਸ਼ਨ ਦੇ ਮੁਕੰਮਲ ਹੋਣ ਤੱਕ ਦੋ ਮੌਤਾਂ ਸਾਹਮਣੇ ਆਈਆਂ, ਜਿਨ੍ਹਾਂ ’ਚ ਇਕ ਹਿਮਾਚਲ ਦੀ ਦ੍ਰਿਸ਼ਟੀ (20) ਤੇ ਦੂਜਾ ਅੰਬਾਲਾ ਤੋਂ ਅਭਿਸ਼ੇਕ ਧਨਵਲ (30) ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ. ਵੱਲੋਂ ਕਾਰਵਾਈ ਪੂਰੀ ਹੋਣ ਦਾ ਐਲਾਨ ਕਰਨ ਤੋਂ ਪਹਿਲਾਂ ਮਲਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ। ਇਸ ਆਪਰੇਸ਼ਨ ਦੌਰਾਨ ਐੱਨ. ਡੀ. ਆਰ. ਐੱਫ. ਨੂੰ ਪਹਿਲਾਂ ਤੋਂ ਉਨ੍ਹਾਂ ਕੋਲ ਮੌਜੂਦ ਮਸ਼ੀਨਰੀ ਤੋਂ ਇਲਾਵਾ ਨਗਰ ਨਿਗਮ ਪਾਸੋਂ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਗਈ।
ਘਟਨਾ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਮੈਜਿਸਟਰੇਟ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਪ ਮੰਡਲ ਮੈਜਿਸਟਰੇਟ ਮੋਹਾਲੀ ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਨ੍ਹਾਂ ਨੂੰ ਤਿੰਨ ਹਫ਼ਤਿਆਂ ’ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਹੋਣ ਤੱਕ ਜ਼ਿਲ੍ਹਾ ਸਿਵਲ ਅਤੇ ਪੁਲਸ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਨਿਗਰਾਨੀ ਕੀਤੀ ਗਈ।