Chandrayan-3 : ਪਿੰਡ ਖਾਈ ਦੇ ਮੁੰਡੇ ਨੇ ਚਮਕਾਇਆ ਪੰਜਾਬ ਤੇ ਮਾਪਿਆਂ ਦਾ ਨਾਮ, ਰਾਸ਼ਟਰਪਤੀ ਨੇ ਕੀਤਾ ਸਨਮਾਨਤ

Moga News : ਇਸਰੋ ਕੋਲ 13 ਤਰ੍ਹਾਂ ਦੀਆਂ ਰੁਕਾਵਟਾਂ ਸਨ, ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਵਿਚੋਂ ਇੱਕ ਪ੍ਰੋਜੈਕਟ ਜਿਸ ਨਾਲ ਚੰਦਰਯਾਨ ਅੱਗੇ ਵਧਣ ਵਿੱਚ ਆਉਣ ਵਾਲੀ ਰੁਕਾਵਟ ਆ ਰਹੀ ਸੀ, ਨੂੰ ਹੱਲ ਕਰਨ ਦਾ ਜ਼ਿੰਮਾ ਨਵਦੀਪ ਸਿੰਘ ਨੂੰ ਦਿੱਤਾ ਗਿਆ।

By  KRISHAN KUMAR SHARMA August 25th 2024 05:00 PM -- Updated: August 25th 2024 04:49 PM

Moga News : ਮੋਗਾ ਦੇ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਖਾਈ ਦੇ ਇੱਕ ਮੁੰਡੇ ਨੇ ਪਿੰਡ ਦਾ ਨਾਮ ਪੂਰੇ ਵਿਸ਼ਵ ਵਿੱਚ ਚਮਕਾਇਆ ਹੈ। ਨਵਦੀਪ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਵੀ ਫੌਜ ਵਿੱਚ ਸੂਬੇਦਾਰ ਵੱਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨਵਦੀਪ ਸਿੰਘ ਇਸ ਸਮੇਂ ਪਟਿਆਲਾ ਦੇ ਥਾਪਰ ਕਾਲਜ ਤੋਂ ਬੀਟੈਕ ਦੀ ਪੜ੍ਹਾਈ ਕਰ ਰਿਹਾ ਹੈ, ਜਿਸ ਨੂੰ ਚੰਦਰਯਾਨ-3 'ਚ ਆ ਰਹੀ ਰੁਕਾਵਟ ਨੂੰ ਹੱਲ ਕਰਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨਵਦੀਪ ਨੂੰ ਬੀਤੇ ਦਿਨੀ ਇਸਰੋ ਦੇ ਹੈਦਰਾਬਾਦ ਸੈਂਟਰ ਵਿਖੇ ਬੁਲਾਇਆ ਗਿਆ, ਜਿਥੇ ਪਿਛਲੇ ਸਾਲ ਚੰਦਰਯਾਨ-3 ਦੇ ਚੰਦ ਉੱਪਰ ਸਫਲ ਉੱਤਰਨ ਤੋਂ ਬਾਅਦ ਇਸਰੋ ਨੂੰ ਚੰਦਰਯਾਨ-3 ਨੂੰ ਅੱਗੇ ਵਧਣ ਵਿੱਚ ਮੁਸ਼ਕਿਲ ਆ ਰਹੀ ਸੀ। ਇਸਰੋ ਕੋਲ 13 ਤਰ੍ਹਾਂ ਦੀਆਂ ਰੁਕਾਵਟਾਂ ਸਨ, ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਵਿਚੋਂ ਇੱਕ ਪ੍ਰੋਜੈਕਟ ਜਿਸ ਨਾਲ ਚੰਦਰਯਾਨ ਅੱਗੇ ਵਧਣ ਵਿੱਚ ਆਉਣ ਵਾਲੀ ਰੁਕਾਵਟ ਆ ਰਹੀ ਸੀ, ਨੂੰ ਹੱਲ ਕਰਨ ਦਾ ਜ਼ਿੰਮਾ ਨਵਦੀਪ ਸਿੰਘ ਨੂੰ ਦਿੱਤਾ ਗਿਆ।

ਨਵਦੀਪ ਸਿੰਘ ਨੇ ਚੰਦਰਯਾਨ ਦੀ ਸਮੱਸਿਆ ਕਿ ਕਿਸੇ ਪੱਥਰ ਨਾਲ ਟਕਰਾਅ ਕੇ ਰੁਕ ਜਾਂਦਾ ਸੀ ਜਾਂ ਫਿਰ ਅੱਗੇ ਆਏ ਖੱਡੇ ਵਿੱਚ ਰੁਕ ਜਾਂਦਾ ਸੀ, ਨੂੰ ਦੂਰ ਕਰਨ ਲਈ ਇੱਕ ਗਾਈਡ ਮੈਪ ਤਿਆਰ ਕੀਤਾ ਗਿਆ ਅਤੇ ਚੰਦਰਯਾਨ-3 ਨੂੰ ਭੇਜਿਆ ਗਿਆ। ਇਸ ਗਾਈਡ ਮੈਪ ਨਾਲ ਹੀ ਚੰਦਰਯਾਨ-3 ਦਾ ਟ੍ਰਾਇਲ ਸਫਲ ਹੋਇਆ। ਇਸ ਪਿੱਛੋਂ ਇਸਰੋ ਦੇ ਡਾਇਰੈਕਟਰ ਨੇ ਵੀ ਨਵਦੀਪ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਨਵਦੀਪ ਦਾ ਨਾਮ ਸਨਮਾਨ ਕਰਨ ਲਈ ਭੇਜਿਆ ਸੀ।

ਨਵਦੀਪ ਸਿੰਘ ਦੀ ਇਸ ਉਪਲਬੱਧੀ ਸਦਕਾ ਹੀ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰੂਮ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਨਵਦੀਪ ਦੇ ਪਿਤਾ ਨੇ ਕਿਹਾ ਕਿ ਇਹ ਪਲ ਸਾਡੇ ਲਈ, ਸਾਡੇ ਪਿੰਡ ਲਈ, ਸਾਡੇ ਪੰਜਾਬ ਅਤੇ ਸਾਡੇ ਪੂਰੇ ਭਾਰਤ ਦੇਸ਼ ਲਈ ਮਾਣ ਵਾਲੇ ਹਨ। ਨਵਦੀਪ ਨੇ ਪੂਰੇ ਵਿਸ਼ਵ ਵਿੱਚ ਸਾਡਾ ਅਤੇ ਖਾਈ ਪਿੰਡ ਦਾ ਨਾਮ ਚਮਕਾਇਆ ਹੈ।

Related Post