''Rahul Gandhi ਦੇਸ਼ ਦਾ ਨੰਬਰ 1 ਅੱਤਵਾਦੀ...'' ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵਿਵਾਦਤ ਬਿਆਨ

Ravneet Bittu Controversy on Rahul Gandhi : ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਵੀ ਪਾਰਟੀ ਨਾਲ ਜੁੜੇ ਨਹੀਂ ਹਨ।

By  KRISHAN KUMAR SHARMA September 15th 2024 06:19 PM

Ravneet Bittu Controversy statement : ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅੱਤਵਾਦੀ ਦੱਸਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਿੱਖ ਕਿਸੇ ਵੀ ਪਾਰਟੀ ਨਾਲ ਜੁੜੇ ਨਹੀਂ ਹਨ। ਇਹ ਚੰਗਿਆੜੀ ਪੈਦਾ ਕਰਨ ਦੀ ਕੋਸ਼ਿਸ਼ ਹੈ ਅਤੇ ਰਾਹੁਲ ਗਾਂਧੀ ਨੰਬਰ 1 ਅੱਤਵਾਦੀ ਹੈ, ਉਸ 'ਤੇ ਇਨਾਮ ਹੋਣਾ ਚਾਹੀਦਾ ਹੈ। ਬਿੱਟੂ ਰਾਹੁਲ ਗਾਂਧੀ ਦੇ ਅਮਰੀਕਾ 'ਚ ਸਿੱਖਾਂ ਬਾਰੇ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ।

'ਰਾਹੁਲ ਗਾਂਧੀ ਸਭ ਤੋਂ ਪਹਿਲਾ ਭਾਰਤੀ ਨਹੀਂ'

ਬਿਹਾਰ ਦੇ ਭਾਗਲਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਖਿਆਲ ਵਿੱਚ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਭਾਰਤੀ ਨਹੀਂ ਹਨ, ਉਨ੍ਹਾਂ ਨੇ ਜ਼ਿਆਦਾ ਸਮਾਂ ਭਾਰਤ ਤੋਂ ਬਾਹਰ ਗੁਜ਼ਾਰਿਆ ਹੈ। ਉਸਦੇ ਦੋਸਤ ਉੱਥੇ ਹਨ, ਉਸਦਾ ਪਰਿਵਾਰ ਉੱਥੇ ਹੈ। ਇਸੇ ਕਾਰਨ ਮੇਰੇ ਹਿਸਾਬ ਨਾਲ ਉਹ ਆਪਣੇ ਦੇਸ਼ ਨੂੰ ਬਹੁਤਾ ਪਿਆਰ ਨਹੀਂ ਕਰਦਾ, ਬਾਹਰ ਜਾ ਕੇ ਸਭ ਕੁਝ ਗਲਤ ਬੋਲਦਾ ਹੈ ਅਤੇ ਖਾਸ ਕਰਕੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਸਿਆਸਤ ਵਿੱਚ ਹੋਣ ਦੇ ਬਾਵਜੂਦ ਮਜ਼ਦੂਰ ਦਾ ਦਰਦ ਕੀ ਹੁੰਦਾ ਹੈ। ਤੁਹਾਡੀ ਅੱਧੀ ਜ਼ਿੰਦਗੀ ਬੀਤ ਗਈ ਹੈ, ਹੁਣ ਤੁਸੀਂ ਵਿਰੋਧੀ ਧਿਰ ਦੇ ਨੇਤਾ ਬਣ ਗਏ ਹੋ ਅਤੇ ਤੁਸੀਂ ਇਧਰ-ਉਧਰ ਜਾ ਕੇ ਫੋਟੋਆਂ ਖਿਚਵਾਉਂਦੇ ਹੋ, ਇਸ ਨਾਲ ਉਨ੍ਹਾਂ ਦਾ ਮਜ਼ਾਕ ਬਣਦਾ ਹੈ। ਉਨ੍ਹਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਕਦੇ ਓਬੀਸੀ ਦੀ ਗੱਲ ਕਰਦੇ ਹਨ ਤੇ ਕਦੇ ਜਾਤ ਬਾਰੇ। ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੋਈ ਸਮਝ ਨਹੀਂ ਹੈ।

'ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼'

ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਦੇ ਅਮਰੀਕਾ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਵੀ ਪਾਰਟੀ ਨਾਲ ਜੁੜੇ ਨਹੀਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕਿਸ ਸਿੱਖ ਨੇ ਕਿਹਾ ਹੈ ਕਿ ਉਹ ਕੜਾ ਨਹੀਂ ਪਹਿਨ ਸਕਦਾ? ਕਿਸ ਸਿੱਖ ਨੇ ਕਿਹਾ ਕਿ ਉਹ ਪੱਗ ਨਹੀਂ ਬੰਨ੍ਹ ਸਕਦਾ, ਗੁਰਦੁਆਰੇ ਨਹੀਂ ਜਾ ਸਕਦਾ? ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਚੰਗਿਆੜੀ ਪੈਦਾ ਕਰਨ ਦਾ ਕੰਮ ਕਰਦੇ ਹਨ। ਪਹਿਲਾਂ ਮੁਸਲਮਾਨਾਂ ਵਿੱਚ ਕੋਸ਼ਿਸ਼ ਕੀਤੀ, ਹੁਣ ਸਿੱਖਾਂ ਬਾਰੇ ਬੋਲ ਰਹੇ ਹਨ। ਬਿੱਟੂ ਨੇ ਕਿਹਾ ਕਿ ਹੁਣ ਵੱਖਵਾਦੀ ਰਾਹੁਲ ਦੇ ਬਿਆਨ ਦੀ ਤਾਰੀਫ ਕਰ ਰਹੇ ਹਨ।

ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਰਾਹੁਲ ਗਾਂਧੀ : ਬਿੱਟੂ

ਕੇਂਦਰੀ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਦੇਸ਼ ਦੇ ਦੁਸ਼ਮਣ ਹਨ, ਉਹ ਹਰ ਵੇਲੇ ਗੋਲੀਆਂ ਤੇ ਬੰਦੂਕਾਂ ਦੀ ਗੱਲ ਕਰਦੇ ਹਨ, ਜਹਾਜਾਂ, ਰੇਲਾਂ ਅਤੇ ਸੜਕਾਂ ਨੂੰ ਉਡਾਉਣ ਦੀ ਗੱਲ ਕਰਦੇ ਹਨ, ਜਦੋਂ ਉਹ ਰਾਹੁਲ ਦੇ ਸਮਰਥਨ ਵਿੱਚ ਆਏ ਹਨ। ਅਜਿਹੇ 'ਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਹੁਲ ਗਾਂਧੀ ਖੁਦ ਦੇਸ਼ ਦੇ ਨੰਬਰ 1 ਅੱਤਵਾਦੀ ਹਨ। ਉਨ੍ਹਾਂ ਕਿਹਾ ਕਿ ਅੱਜ ਜੇਕਰ ਕਿਸੇ ਨੂੰ ਫੜਨ 'ਤੇ ਇਨਾਮ ਹੋਣਾ ਚਾਹੀਦਾ ਹੈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ, ਉਹ ਰਾਹੁਲ ਗਾਂਧੀ ਹੈ।

Related Post