ਮੰਤਰੀ ਹਰਭਜਨ ਸਿੰਘ ਈਟੀਓ ਨੇ ਅਚਾਨਕ ਮੁੱਖ ਦਫ਼ਤਰ ਦਾ ਕੀਤਾ ਨਿਰੀਖਣ

By  Pardeep Singh January 17th 2023 04:18 PM

ਪਟਿਆਲਾ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ  ਦੁਪਹਿਰ ਬਾਅਦ ਅਚਾਨਕ ਪਟਿਆਲਾ ਪੁੱਜੇ ਅਤੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ-ਸੀ ਵਿਖੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਮੁੱਖ ਦਫ਼ਤਰ ਦਾ ਨਿਰੀਖਣ ਕੀਤਾ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਸਪੱਸ਼ਟ ਤੌਰ 'ਤੇ ਦਿੱਤਾ ਕਿ ਸੂਬੇ ਦੇ ਉਸਾਰੀ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਦੀ ਸਰਕਾਰੀ ਕੰਮਾਂ ਵਿੱਚ ਕੋਈ ਥਾਂ ਨਹੀਂ ਹੈ।

ਪੰਜਾਬ ਦੇ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਸੂਬੇ ਦੇ ਸਾਰੇ ਉਸਾਰੀ ਕਾਰਜਾਂ ਨੂੰ ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਸਮੇਂ ਸਿਰ ਨੇਪਰੇ ਚਾੜ੍ਹਨ ਦੀ ਵੀ ਸਖ਼ਤ ਹਦਾਇਤ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਲੋਕ ਨਿਰਮਾਣ ਵਿਭਾਗ ਦੇ ਕਰੀਬ 150 ਸਾਲਾ ਪੁਰਾਣੇ ਇਤਿਹਾਸ ਦਾ ਜ਼ਿਕਰ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਵਿਭਾਗ ਦੇ ਕਿਸੇ ਵੀ ਵਿੰਗ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਕੋਈ ਛੋਟੀ ਜਿਹੀ ਅਣਗਹਿਲੀ ਵੀ ਕਿਸੇ ਦੀ ਜਾਨ ਦਾ ਖੌਅ ਬਣ ਸਕਦੀ ਹੈ, ਇਸ ਲਈ ਕੋਈ ਵੀ ਕੁਤਾਹੀ ਜਾਂ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਲੋਕ ਨਿਰਮਾਣ ਤੇ ਬਿਜਲੀ ਮੰਤਰੀ ਨੇ ਵਿਭਾਗ ਦੇ ਮੁੱਖ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦਾ ਵਿਖੇ ਕੰਮ-ਕਾਜ ਦਾ ਜਾਇਜ਼ਾ ਲੈਂਦਿਆਂ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਫ਼ਤਰ 'ਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਅਤੇ ਸਾਰੇ ਪ੍ਰਾਜੈਕਟ ਤੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਵੀ ਹਦਾਇਤ ਕੀਤੀ।

ਬਿਜਲੀ ਮੰਤਰੀ ਨੇ ਇਸ ਦੌਰਾਨ ਕਈ ਦਫ਼ਤਰਾਂ ਵਿੱਚ ਦਰਵਾਜੇ ਉਤੇ 'ਬਿਨ੍ਹਾਂ ਆਗਿਆ ਅੰਦਰ ਆਉਣਾ ਮਨ੍ਹਾਂ' ਦੇ ਬੋਰਡਾਂ 'ਤੇ ਸਖ਼ਤ ਨਰਾਜ਼ਗੀ ਜਤਾਈ ਤੇ ਕਿਹਾ ਕਿ ਅਸੀਂ ਲੋਕਾਂ ਦੇ ਸੇਵਕ ਹਾਂ ਇਸ ਲਈ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਕਰਨਾ ਸਾਡੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਹੈ, ਇਸ ਲਈ ਅਜਿਹੇ ਬੋਰਡ ਦਰਵਾਜਿਆਂ 'ਤੇ ਨਹੀਂ ਲੱਗੇ ਹੋਣੇ ਚਾਹੀਦੇ।

ਇਸ ਮੌਕੇ ਵਿਭਾਗ ਦੇ ਜੁਆਇੰਟ ਸੈਕਟਰੀ ਸਕੱਤਰ ਸਿੰਘ ਬੱਲ, ਨਿਗਰਾਨ ਇੰਜੀਨੀਅਰ ਅਨਿਲ ਗੁਪਤਾ, ਜਸਪਾਲ ਸਿੰਘ ਅਨੰਦ ਤੇ ਜੇ.ਸੀ.ਐਫ.ਏ. ਸੁਰਿੰਦਰਪਾਲ ਸਿੰਘ ਗਰੋਵਰ ਸਮੇਤ ਵੱਖ-ਵੱਖ ਬ੍ਰਾਚਾਂ ਦੇ ਕਾਰਜਕਾਰੀ ਇੰਜੀਨੀਅਰਜ਼ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Related Post