ਘਨੌਰ ਹਲਕੇ ਦੇ ਪਿੰਡ ਚਮਾਰੂ 'ਚ ਮਾਈਨਿੰਗ ਵਿਭਾਗ ਦਾ ਛਾਪਾ, ਮਸ਼ੀਨਰੀ ਕੀਤੀ ਜ਼ਬਤ
ਪਟਿਆਲਾ : ਪਟਿਆਲਾ ਦੇ ਹਲਕਾ ਘਨੌਰ ਵਿਚ ਅੱਜ ਮਾਈਨਿੰਗ ਵਿਭਾਗ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਕੀਤੀ। ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਉਤੇ ਪੁੱਜੀ ਮਾਈਨਿੰਗ ਵਿਭਾਗ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਪਿੰਡ ਵਾਸੀਆਂ ਦੀ ਮਦਦ ਨਾਲ ਪੋਕਲੇਨ ਮਸ਼ੀਨ ਜ਼ਬਤ ਕੀਤੀ।
ਆਨਲਾਈਨ ਪੋਰਟਲ ਉਤੇ ਮਿਲੀ ਸ਼ਿਕਾਇਤ ਦੇ ਆਧਾਰ ਉਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਵਿਭਾਗ ਨੇ ਪਾਇਆ ਕਿ ਪੋਕਲੇਨ ਮਸ਼ੀਨ ਦੀ ਮਦਦ ਨਾਲ ਸਾਢੇ ਚਾਰ ਤੋਂ 5 ਫੁੱਟ ਤੱਕ ਮਾਈਨਿੰਗ ਕੀਤੀ ਜਾ ਰਹੀ ਸੀ। ਜਦਕਿ ਸਰਕਾਰ ਵੱਲੋਂ 3 ਫੁੱਟ ਤੋਂ ਵੱਧ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਮਗਰੋਂ ਮਾਈਨਿੰਗ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਪੋਕਲੇਨ ਮਸ਼ੀਨ ਜ਼ਬਤ ਕਰ ਲਈ।
ਮਾਈਨਿੰਗ ਵਿਭਾਗ ਨੇ ਪੁਲਿਸ ਨੂੰ ਇਸ ਸਬੰਧੀ ਰਿਪੋਰਟ ਦੇ ਦਿੱਤੀ ਹੈ। ਕਾਬਿਲੇਗੌਰ ਹੈ ਕਿ 3 ਨਵੰਬਰ ਨੂੰ ਪਟਿਆਲਾ ਦੇ ਘਨੌਰ ਦੇ ਪਿੰਡ ਕੁਥਾ ਖੇੜੀ ਵਿਖੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਦੇ ਆਧਾਰਿਤ 'ਤੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਸੁਸ਼ਾਂਤ ਵਾਲੀਆ ਅਤੇ ਵਿਕਰਮ ਜੇਈ ਦੀ ਅਗਵਾਈ 'ਚ ਚੈਕਿੰਗ ਕੀਤੀ ਗਈ ਸੀ। ਇਸ ਮੌਕੇ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਮਸ਼ੀਨਰੀ ਜ਼ਬਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਭਗਵੰਤ ਮਾਨ ਗੁਜਰਾਤ ਨੂੰ ਛੱਡ ਕੇ ਪੰਜਾਬ ਨੂੰ ਸੰਭਾਲੋ: ਪ੍ਰਭਾਤ ਕੁਮਾਰ
ਐਸ.ਡੀ.ਓ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਾਘਵ ਗਰਗ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਕ ਖੇਤ ਵਿਚ ਕਰੀਬ 6-7 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਅਤੇ ਉਥੇ ਪੋਕਲੇਨ ਮਸ਼ੀਨ ਖੜ੍ਹੀ ਸੀ। ਮਸ਼ੀਨ ਅਤੇ ਇਕ ਟਿੱਪਰ ਨੂੰ ਕਬਜ਼ੇ ਵਿੱਚ ਲਿਆ ਗਿਆ ਸੀ।
ਰਿਪੋਰਟ-ਗਗਨਦੀਪ ਆਹੂਜਾ