ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈੱਡ ਕਾਂਸਟੇਬਲ ਨੇ ਥਾਣੇ ਦੇ ਬੈਰਕ 'ਚ ਲਿਆ ਫਾਹਾ
ਲੁਧਿਆਣਾ, 14 ਨਵੰਬਰ: ਪੰਜਾਬ ਦੇ ਲੁਧਿਆਣਾ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਥਾਣਾ ਦੁੱਗਰੀ ਦੇ ਹੈੱਡ ਕਾਂਸਟੇਬਲ ਨੇ ਥਾਣੇ ਦੇ ਬੈਰਕ 'ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਹੈੱਡ ਕਾਂਸਟੇਬਲਦੀ ਦੀ ਪਛਾਣ ਬਲਜਿੰਦਰ ਵਜੋਂ ਹੋਈ ਹੈ। ਸਾਥੀ ਪੁਲਿਸ ਮੁਲਾਜ਼ਮਾਂ ਨੂੰ ਬਲਜਿੰਦਰ ਦੀ ਲਾਸ਼ ਥਾਣੇ ਦੀ ਪਹਿਲੀ ਮੰਜ਼ਿਲ 'ਤੇ ਬਣੀ ਬੈਰਕ 'ਚ ਲਟਕਦੀ ਮਿਲੀ।
ਥਾਣੇ 'ਚ ਮੌਜੂਦ ਸਾਥੀ ਪੁਲਿਸ ਮੁਲਾਜ਼ਮਾਂ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਪਈ ਕਿ ਬਲਜਿੰਦਰ ਇਹ ਖ਼ੌਫ਼ਨਾਕ ਕਦਮ ਚੁੱਕਣ ਜਾ ਰਿਹਾ ਸੀ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਉਦੋਂ ਖ਼ਿਸਕ ਗਈ ਜਦੋਂ ਉਨ੍ਹਾਂ ਬਲਜਿੰਦਰ ਦੀ ਮ੍ਰਿਤਕ ਦੇਹ ਨੂੰ ਲਟਕਦੇ ਵੇਖਿਆ।
ਘਟਨਾ ਦੀ ਜਾਣਕਾਰੀ ਪ੍ਰਾਪਤ ਹੁੰਦੇ ਸਾਰ ਹੀ ਥਾਣਾ ਦੁੱਗਰੀ ਦੀ ਐਸਐਚਓ ਮਧੂਬਾਲਾ ਤੁਰੰਤ ਮੌਕੇ ’ਤੇ ਪਹੁੰਚ ਗਈ। ਜਿਸ ਤੋਂ ਬਾਅਦ ਮ੍ਰਿਤਕ ਹੈੱਡ ਕਾਂਸਟੇਬਲ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਬਲਜਿੰਦਰ ਖੰਨਾ ਨੇੜਲੇ ਪਿੰਡ ਭੋਰਲਾ ਦਾ ਵਸਨੀਕ ਸੀ ਤੇ ਕਰੀਬ ਇੱਕ ਸਾਲ ਪਹਿਲਾਂ ਹੀ ਉਸਦੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਦੁੱਗਰੀ ਥਾਣੇ ਵਿੱਚ ਤਾਇਨਾਤੀ ਹੋਈ ਸੀ।
ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਸਾਥੀ ਸਿਪਾਹੀ ਨੇ ਪਹਿਲਾਂ ਬਲਜਿੰਦਰ ਨੂੰ ਲਟਕਦੇ ਦੇਖਿਆ ਤੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਮ੍ਰਿਤਕ ਕੋਲੋਂ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਪਰਿਵਾਰ ਵਾਲਿਆਂ ਦਾ ਬਿਆਨ ਦਰਜ ਕਰਕੇ ਅਗ੍ਹਾਂ ਦੀ ਕਾਰਵਾਈ ਆਰੰਭੀ ਜਾਵੇਗੀ।