Punjab Doctor Strike Update : ਹੜਤਾਲ ਵਿਚਾਲੇ ਡਾਕਟਰਾਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ; ਕਈ ਮੁੱਦਿਆਂ ’ਤੇ ਬਣੀ ਸਹਿਮਤੀ, ਜਾਣੋ ਕੀ ਹਨ ਹੜਤਾਲੀ ਡਾਕਟਰਾਂ ਦੀਆਂ ਮੰਗਾਂ

ਮਿਲੀ ਜਾਣਕਾਰੀ ਮੁਤਾਬਿਕ ਹੈਲਥ ਐਸੋਸੀਏਸ਼ਨ ਦੀ ਕੈਬਨਿਟ ਸਭ ਕਮੇਟੀ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ ’ਚ ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਾ. ਬਲਬੀਰ ਸਿੰਘ ਪੰਜਾਬ ਭਵਨ ਵਿਖੇ ਪਹੁੰਚ ਚੁੱਕੇ ਹਨ।

By  Aarti September 11th 2024 11:34 AM -- Updated: September 11th 2024 01:17 PM

Punjab Doctor Strike Update : ਪੰਜਾਬ ਭਰ ’ਚ ਡਾਕਟਰਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਹੈ। ਜਿਸ ਦੇ ਚੱਲਦੇ ਅੱਜ ਵੀ ਸਰਕਾਰੀ ਹਸਪਤਾਲਾਂ ’ਚ ਤਿੰਨ ਘੰਟਿਆਂ ਤੱਕ ਓਪੀਡੀ ਬੰਦ ਰਹੀ। ਸਰਕਾਰੀ ਡਾਕਟਰਾਂ ਵੱਲੋਂ ਸਰਕਾਰ ਕੋਲੋਂ ਸੁਰੱਖਿਆ, ਭਰਤੀ ਅਤੇ ਤਰੱਕ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਹੜਤਾਲ ਵਿਚਾਲੇ ਡਾਕਟਰਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋ ਚੁੱਕੀ ਹੈ। 

ਬੈਠਕ ’ਚ ਤਮਾਮ ਮਸਲਿਆਂ ’ਤੇ ਸਹਿਮਤੀ ਬਣੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਮੀਟਿੰਗ ਠੀਕ ਮਾਹੌਲ ਵਿੱਚ ਹੋਈ ਪਰ ਅਸੀਂ ਮੀਟਿੰਗ ਵਿੱਚ ਕੀਤੀਆਂ ਮੰਗਾਂ ਦੇ ਵਾਪਸੀ ਨੋਟ ਦੀ ਉਡੀਕ ਕਰ ਰਹੇ ਹਾਂ। ਸਾਡੀ ਐਸੋਸੀਏਸ਼ਨ ਦੀ ਵੀ ਸ਼ਾਮ ਨੂੰ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਹੜਤਾਲ ਖਤਮ ਕਰਨ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।

ਕੀ ਹਨ ਹੜਤਾਲੀ ਡਾਕਟਰਾਂ ਦੀਆਂ ਮੰਗਾਂ ? 

  • ਕੇਂਦਰੀ ਤਨਖਾਹ ਕਮਿਸ਼ਨ ਦਾ ਬਕਾਇਆ ਹੋਵੇ ਜਾਰੀ 
  • ਡਾਕਟਰਾਂ ਤੇ ਹੈਲਥ ਵਰਕਰਾਂ ਦੀ ਸੁਰੱਖਿਆ ਬਣਾਈ ਜਾਵੇ ਯਕੀਨੀ 
  • ਮੈਡੀਕਲ ਅਫਸਰਾਂ ਦੀ ਹੋਵੇ ਸਮਾਂਬੱਧ ਭਰਤੀ
  • ਏਸੀਪੀ ਯੋਜਨਾ ਦੀ ਹੋਵੇਗੀ ਬਹਾਲੀ


ਕਾਬਿਲੇਗੌਰ ਹੈ ਕਿ ਪਹਿਲਾਂ ਉਹਨਾਂ ਵੱਲੋਂ ਅਨਿਸ਼ਚਿਤ ਕਾਲ ਤੱਕ ਪੂਰਨ ਤੌਰ ਤੇ ਬੰਦ ਦਾ ਐਲਾਨ ਕੀਤਾ ਗਿਆ ਸੀ ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਿਨਟ ਦੀ ਸਬ ਕਮੇਟੀ ਦੇ ਤੌਰ ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਧਰੋਹ ਥੋੜਾ ਘਟਾਇਆ ਹੈ। 

ਐਸੋਸੀਏਸ਼ਨ ਦੇ ਪ੍ਰਧਾਨ ਅਖਿਲ ਸਰੀਨ ਅਨੁਸਾਰ ਪਹਿਲੇ ਪੜਾਅ ਵਿੱਚ ਸੋਮਵਾਰ ਤੋਂ ਹਰ ਰੋਜ਼ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਿਜੇਰੀਅਨ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪਹਿਲਾਂ ਤੋਂ ਨਿਰਧਾਰਤ ਓਪਰੇਸ਼ਨ ਨਹੀਂ ਹੋਣਗੇ।

PCMS ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਮਗਰੋਂ ਵਿਰੋਧ ਯੋਜਨਾ ’ਚ ਕੀਤਾ ਬਦਲਾਅ 

  • ਪਹਿਲਾ ਪੜਾਅ ( 9 ਸਤੰਬਰ ਤੋਂ 11 ਸਤੰਬਰ):- ਸਵੇਰ 8 ਵਜੇ ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਰਹਿਣਗੀਆਂ ਬੰਦ;  ਸਿਰਫ ਸਿਜੇਰੀਅਨ ਅਤੇ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ 
  • ਦੂਜਾ ਪੜਾਅ (12 ਸਤੰਬਰ ਤੋਂ 15 ਸਤੰਬਰ):- ਮੁਕੰਮਲ ਤੌਰ ’ਤੇ ਬੰਦ ਕੀਤੀ ਜਾਵੇਗੀ ਓਪੀਡੀ ਸੇਵਾਵਾਂ; ਸਿਜੇਰੀਅਨ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਬਾਕੀ ਸਭ ਸੇਵਾ ਰਹੇਗੀ ਬੰਦ 
  • ਤੀਜਾ ਪੜਾਅ (16 ਸਤੰਬਰ ਤੋਂ ਬਾਅਦ ) :- ਮੰਗਾਂ ਪੂਰੀਆਂ ਨਾ ਹੋਣ ਦੀ ਸਥਿਤੀ ’ਚ ਮੈਡੀਕੋ-ਲੀਗਲ ਪ੍ਰੀਖਿਆਵਾਂ ਨੂੰ ਮੁਅੱਤਲ ਕਰਨ ਦੀ ਬਣਾਈ ਗਈ ਹੈ ਯੋਜਨਾ

ਕਾਬਿਲੇਗੌਰ ਹੈ ਕਿ ਐਸੋਸੀਏਸ਼ਨ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਜੇਕਰ 11 ਸਤੰਬਰ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ, ਤੇ ਤਰੱਕੀਆਂ ਸਬੰਧੀ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ 12 ਤਰੀਕ ਤੋਂ ਮੁਕੰਮਲ ਹੜਤਾਲ ਕੀਤੀ ਜਾਏਗੀ।

Related Post