Myanmar Monsoon : ਮਿਆਂਮਾਰ 'ਚ ਚੱਕਰਵਾਤ ਯਾਗੀ ਕਾਰਨ ਹੋਈ ਤਬਾਹੀ 'ਚ 74 ਲੋਕਾਂ ਦੀ ਮੌਤ, 89 ਲਾਪਤਾ, ਵਿਦੇਸ਼ਾਂ ਤੋਂ ਮਦਦ ਦੀ ਅਪੀਲ

ਮਿਆਂਮਾਰ 'ਚ ਭਾਰੀ ਮੀਂਹ ਤੋਂ ਬਾਅਦ ਹੁਣ ਯਾਗੀ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਜਿੱਥੇ ਮੌਤ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਤੂਫਾਨ ਕਾਰਨ ਕਰੀਬ 74 ਲੋਕਾਂ ਦੀ ਮੌਤ ਹੋ ਗਈ ਅਤੇ 89 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮਿਆਂਮਾਰ ਵਿੱਚ ਭਾਰੀ ਮੀਂਹ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਅਜਿਹੇ 'ਚ ਮਿਆਂਮਾਰ ਵਿਦੇਸ਼ਾਂ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ।

By  Dhalwinder Sandhu September 15th 2024 02:09 PM

Myanmar Monsoon : ਚੱਕਰਵਾਤ ਯਾਗੀ ਦੇ ਆਉਣ ਨਾਲ ਮਿਆਂਮਾਰ 'ਚ ਤਬਾਹੀ ਮਚ ਗਈ ਹੈ, ਜਿਸ 'ਚ ਘੱਟੋ-ਘੱਟ 74 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪਹਿਲਾਂ ਇਹ ਗਿਣਤੀ 33 ਸੀ ਪਰ ਹੁਣ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਇਸ ਤੋਂ ਇਲਾਵਾ ਕਰੀਬ 89 ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਜਾਣਕਾਰੀ ਇਕੱਠੀ ਕਰਨੀ ਔਖੀ ਹੈ।

ਰਿਪੋਰਟਾਂ ਅਨੁਸਾਰ ਇਸ ਤੋਂ ਪਹਿਲਾਂ ਤੂਫਾਨ ਯਾਗੀ ਨੇ ਵੀਅਤਨਾਮ, ਉੱਤਰੀ ਥਾਈਲੈਂਡ ਅਤੇ ਲਾਓਸ ਵਿੱਚ ਤਬਾਹੀ ਮਚਾ ਦਿੱਤੀ ਸੀ, ਜਿਸ ਵਿੱਚ 260 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਜ਼ਿਆਦਾ ਤਬਾਹੀ ਹੋਈ ਸੀ। ਇਸ ਤੂਫਾਨ 'ਚ ਮਰੇ ਅਤੇ ਲਾਪਤਾ ਲੋਕਾਂ ਦੇ ਸਬੰਧ 'ਚ ਇਹ ਤਾਜ਼ਾ ਅੰਕੜੇ ਸੱਤਾਧਾਰੀ ਫੌਜੀ ਪ੍ਰੀਸ਼ਦ ਦੇ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਦੇ ਉਸ ਐਲਾਨ ਤੋਂ ਬਾਅਦ ਆਏ ਹਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮਿਆਂਮਾਰ ਵਿਦੇਸ਼ਾਂ ਤੋਂ ਮਦਦ ਮੰਗ ਰਿਹਾ ਹੈ।

ਪਹਿਲੇ ਹੜ੍ਹ ਨੇ ਤਬਾਹੀ ਮਚਾਈ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੜ੍ਹਾਂ ਨੇ ਮਿਆਂਮਾਰ ਦੇ ਮਾਂਡਲੇ ਅਤੇ ਬਾਗੋ ਅਤੇ ਰਾਜਧਾਨੀ ਨੇਪੀਤਾਵ ਦੇ ਨੀਵੇਂ ਇਲਾਕਿਆਂ 'ਚ ਵੱਡੇ ਪੱਧਰ 'ਤੇ ਤਬਾਹੀ ਮਚਾਈ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਮਿਨ ਆਂਗ ਹਲੈਂਗ ਅਤੇ ਫੌਜੀ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਨੈਪਿਤਾਵ 'ਚ ਰਾਹਤ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜਨਰਲ ਨੇ ਬਚਾਅ ਅਤੇ ਰਾਹਤ ਕਾਰਜਾਂ ਦੇ ਪ੍ਰਬੰਧਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਪੀੜਤਾਂ ਲਈ ਵਿਦੇਸ਼ੀ ਸਹਾਇਤਾ ਦੀ ਮੰਗ ਕੀਤੀ।

ਇਸ ਤੋਂ ਪਹਿਲਾਂ 2008 ਵਿੱਚ ਨਰਗਿਸ ਆਇਆ ਸੀ ਤੂਫ਼ਾਨ 

ਰਿਪੋਰਟਾਂ ਮੁਤਾਬਕ 100 ਤੋਂ ਵੱਧ ਲੋਕ ਲਾਪਤਾ ਹਨ। ਮਿਆਂਮਾਰ ਵਿੱਚ ਚੱਲ ਰਿਹਾ ਘਰੇਲੂ ਯੁੱਧ, ਜੋ 2021 ਵਿੱਚ ਆਂਗ ਸਾਨ ਸੂ ਕੀ ਦੀ ਸਰਕਾਰ ਦੇ ਫੌਜੀ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਨੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਮਿਆਂਮਾਰ ਦਾ ਮਾਨਸੂਨ ਅਕਸਰ ਖ਼ਤਰਨਾਕ ਮੌਸਮ ਲਿਆਉਂਦਾ ਹੈ, ਜਿਸ ਨਾਲ ਤਬਾਹੀ ਹੁੰਦੀ ਹੈ। 2008 ਵਿੱਚ, ਨਰਗਿਸ ਤੂਫ਼ਾਨ ਕਾਰਨ 138,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਭਾਰੀ ਮੀਂਹ ਕਾਰਨ ਹੋਈ ਤਬਾਹੀ ਕਾਰਨ 24 ਪੁਲ, 375 ਸਕੂਲੀ ਇਮਾਰਤਾਂ, ਇਕ ਬੋਧੀ ਮੱਠ, ਪੰਜ ਡੈਮ, ਚਾਰ ਪਗੋਡਾ, 14 ਟਰਾਂਸਫਾਰਮਰ, 456 ਲੈਂਪਪੋਸਟ ਅਤੇ 65,000 ਤੋਂ ਵੱਧ ਘਰਾਂ ਅਤੇ ਹੋਰ ਕਈ ਚੀਜ਼ਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਨੂੰ ਪਿਛਲੇ 60 ਸਾਲਾਂ ਦੀ ਸਭ ਤੋਂ ਭਿਆਨਕ ਬਾਰਿਸ਼ ਦੱਸਿਆ ਗਿਆ ਹੈ, ਜਿਸ ਨੇ ਬਾਗਾਨ ਦੇ ਕਈ ਪ੍ਰਾਚੀਨ ਮੰਦਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਇਹ ਵੀ ਪੜ੍ਹੋ : who will Next CM Of Delhi : ਕੌਣ ਬਣੇਗਾ ਦਿੱਲੀ ਦਾ ਅਗਲਾ ਮੁੱਖ ਮੰਤਰੀ ? ਨਾ ਕੇਜਰੀਵਾਲ, ਨਾ ਸਿਸੋਦੀਆ, ਫਿਰ ਕੌਣ ਸੰਭਾਲੇਗਾ ਮੁੱਖ ਮੰਤਰੀ ਦਾ ਅਹੁਦਾ ?

Related Post