ਮਣੀਪੁਰ ਬੈਂਕ ਲੁੱਟ: ਨਕਾਬਪੋਸ਼ ਵਿਅਕਤੀਆਂ ਨੇ ਬੰਦੂਕ ਦੀ ਨੋਕ 'ਤੇ ਲੁੱਟੇ 18.80 ਕਰੋੜ ਰੁਪਏ

By  Jasmeet Singh December 1st 2023 04:54 PM

ਇੰਫਾਲ: ਮਣੀਪੁਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਨਕਾਬਪੋਸ਼ ਵਿਅਕਤੀਆਂ ਨੇ ਬੈਂਕ ਵਿੱਚੋਂ 18 ਕਰੋੜ ਤੋਂ ਉੱਤੇ ਦੀ ਰਕਮ ਲੁੱਟ ਲਈ ਹੈ। ਇਹ ਡਕੈਤੀ ਮਣੀਪੁਰ ਦੇ ਉਖਰੁਲ ਜ਼ਿਲ੍ਹੇ ਵਿੱਚ ਸਾਹਮਣੇ ਆਈ ਹੈ। 

ਉਖਰੁਲ ਜ਼ਿਲ੍ਹੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਸ਼ਾਖਾ ਵਿੱਚੋਂ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ 18.80 ਕਰੋੜ ਰੁਪਏ ਦੀ ਨਕਦੀ ਲੁੱਟ ਲਈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 8 ਤੋਂ 10 ਨਕਾਬਪੋਸ਼ ਲੁਟੇਰੇ ਸ਼ਾਮਲ ਹਨ। ਉਨ੍ਹਾਂ ਨੇ 10 ਮਿੰਟਾਂ ਵਿੱਚ ਬੈਂਕ ਲੁੱਟ ਦੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ।


ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕੀਤੀ ਲੁੱਟ
ਅਧਿਕਾਰੀਆਂ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਦੀ ਇਹ ਸ਼ਾਖਾ ਉਖਰੁਲ ਜ਼ਿਲ੍ਹੇ ਲਈ ਕਰੰਸੀ ਚੈਸਟ ਹੈ। ਇਹ ਉਹ ਥਾਂ ਹੈ ਜਿੱਥੇ ਭਾਰਤੀ ਰਿਜ਼ਰਵ ਬੈਂਕ ਬੈਂਕਾਂ ਅਤੇ ਏਟੀਐਮ ਲਈ ਨਕਦੀ ਸਟਾਕ ਕਰਦਾ ਹੈ। 29 ਨਵੰਬਰ ਦੀ ਸ਼ਾਮ ਨੂੰ ਰਾਜ ਦੀ ਰਾਜਧਾਨੀ ਇੰਫਾਲ ਤੋਂ ਕਰੀਬ 80 ਕਿਲੋਮੀਟਰ ਦੂਰ ਉਖਰੁਲ ਕਸਬੇ ਵਿੱਚ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਲੁਟੇਰੇ ਬੈਂਕ ਵਿੱਚ ਪੁੱਜੇ ਅਤੇ ਸੁਰੱਖਿਆ ਕਰਮੀਆਂ ਨੂੰ ਕਾਬੂ ਕਰ ਲਿਆ ਅਤੇ ਸਟਾਫ਼ ਨੂੰ ਧਮਕੀਆਂ ਦੇ ਕੇ ਤਿਜੋਰੀ ਵਿੱਚੋਂ ਪੈਸੇ ਲੁੱਟ ਲਏ। ਮਣੀਪੁਰ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟਵੀਟ ਕੀਤਾ ਹੈ ਕਿ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇੰਝ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਬੈਂਕ ਲੁੱਟ ਦੀ ਇਹ ਘਟਨਾ ਸ਼ਾਮ 5.40 ਵਜੇ ਵਾਪਰੀ। 8 ਤੋਂ 10 ਨਕਾਬਪੋਸ਼ ਵਿਅਕਤੀ ਬੈਂਕ ਵਿੱਚ ਦਾਖਲ ਹੋਏ। ਇਨ੍ਹਾਂ ਸਾਰਿਆਂ ਕੋਲ ਹਥਿਆਰ ਸਨ। ਉਨ੍ਹਾਂ ਬੈਂਕ ਸਟਾਫ਼ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੰਦੂਕ ਦੀ ਨੋਕ 'ਤੇ 18.80 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਵੱਡੀ ਘਟਨਾ ਨੂੰ ਹੱਲ ਕਰਨ ਲਈ ਪੁਲਿਸ ਨੇ ਪੂਰੇ ਇਲਾਕੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਦੀਆਂ ਟੀਮਾਂ ਵੱਡੇ ਪੱਧਰ 'ਤੇ ਅਪਰਾਧੀਆਂ ਦਾ ਪਤਾ ਲਗਾਉਣ 'ਚ ਜੁਟੀਆਂ ਹੋਈਆਂ ਹਨ। ਇਸ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਪਾਕਿਸਤਾਨ 'ਚ ਵੱਡੀ ਲੁੱਟ

Related Post