ਮਣੀਪੁਰ: 500 ਤੋਂ ਵੱਧ ਲੋਕਾਂ ਦੀ ਭੀੜ ਨੇ ਸੁਰੱਖਿਆ ਬਲਾਂ ਦੇ ਕੈਂਪ ਤੋਂ ਲੁੱਟੇ ਗੋਲਾ-ਬਾਰੂਦ ਅਤੇ ਹਥਿਆਰ
ਇੰਫਾਲ: ਮਣੀਪੁਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਵੀਰਵਾਰ ਨੂੰ ਮਣੀਪੁਰ ਵਿੱਚ ਇੱਕ ਭੀੜ ਨੇ ਪੁਲਿਸ ਚੌਕੀਆਂ ਉੱਤੇ ਹਮਲਾ ਕਰ ਦਿੱਤਾ ਅਤੇ ਆਟੋਮੈਟਿਕ ਬੰਦੂਕਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਲੁੱਟ ਲਿਆ। ਮਣੀਪੁਰ ਦੇ ਬਿਸ਼ਨੂਪੁਰ ਜ਼ਿਲੇ ਦੇ ਕੰਗਵਾਈ ਅਤੇ ਫੂਗਾਕਚਾਓ ਖੇਤਰਾਂ 'ਚ ਵੀਰਵਾਰ ਨੂੰ ਝੜਪ ਹੋਣ ਤੋਂ ਬਾਅਦ ਫੌਜ ਅਤੇ ਆਰ.ਏ.ਐਫ (ਰੈਪਿਡ ਐਕਸ਼ਨ ਫੋਰਸ) ਦੇ ਜਵਾਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 19 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੰਫਾਲ ਪੂਰਬੀ ਅਤੇ ਇੰਫਾਲ ਪੱਛਮੀ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੇ ਵੀ ਸਾਵਧਾਨੀ ਦੇ ਉਪਾਅ ਵਜੋਂ ਸਮੁੱਚੀ ਇੰਫਾਲ ਘਾਟੀ ਵਿੱਚ ਰਾਤ ਦੇ ਕਰਫਿਊ ਤੋਂ ਇਲਾਵਾ ਦਿਨ ਵੇਲੇ ਲਗਾਈਆਂ ਪਾਬੰਦੀਆਂ ਦੇ ਨਾਲ ਕਰਫਿਊ ਵਿੱਚ ਛੋਟਾਂ ਵਾਪਸ ਲੈ ਲਈਆਂ ਹਨ।
ਚੌਕੀ 'ਤੇ ਹਮਲੇ ਮਗਰੋਂ ਹਥਿਆਰ ਅਤੇ ਗੋਲਾ ਬਾਰੂਦ ਲੁੱਟਿਆ
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਹਮਲਾਵਰਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਕਾਉਟਰੁਕ, ਹਰੋਥਲ ਅਤੇ ਸੇਨਜਮ ਚਿਰਾਂਗ ਖੇਤਰਾਂ ਵਿੱਚ ਗੋਲੀਬਾਰੀ ਹੋਈ। ਗੋਲੀਬਾਰੀ 'ਚ ਸੁਰੱਖਿਆ ਗਾਰਡ ਸਮੇਤ ਦੋ ਲੋਕ ਜ਼ਖਮੀ ਹੋ ਗਏ। ਇੰਫਾਲ ਵੈਸਟ ਦੇ ਸੇਨਜ਼ਮ ਚਿਰਾਂਗ ਵਿੱਚ ਇੱਕ ਸਨਾਈਪਰ ਦੁਆਰਾ ਸਿਰ ਵਿੱਚ ਗੋਲੀ ਲੱਗਣ ਨਾਲ ਇੱਕ ਮਣੀਪੁਰ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਕਾਉਟਰੁਕ ਅਤੇ ਸੇਨਜਮ ਚਿਰਾਂਗ ਵਿਖੇ ਨੇੜਲੇ ਪਹਾੜੀ ਰੇਂਜਾਂ ਤੋਂ ਸ਼ੱਕੀ ਦਹਿਸ਼ਤਗਰਦਾਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਮੁਕਾਬਲੇ ਵਿੱਚ ਇੱਕ ਪਿੰਡ ਦਾ ਵਲੰਟੀਅਰ ਵੀ ਜ਼ਖਮੀ ਹੋ ਗਿਆ।
ਬਿਸ਼ਨੂਪੁਰ ਅਤੇ ਚੂਰਾਚੰਦਪੁਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਫੂਗਾਕਚਾਓ ਇਖਾਈ ਵਿਖੇ 500-600 ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਭੀੜ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਕਰੀਬ 25 ਲੋਕ ਮਾਮੂਲੀ ਜ਼ਖਮੀ ਹੋ ਗਏ।
ਮਣੀਪੁਰ ਪੁਲਿਸ ਨੇ ਟਵੀਟ ਕਰ ਦਿੱਤੀ ਜਾਣਕਾਰੀ
ਮਣੀਪੁਰ ਪੁਲਿਸ ਨੇ ਟਵੀਟ ਕੀਤਾ ਕਿ ਪਿਛਲੇ 24 ਘੰਟਿਆਂ ਵਿੱਚ ਪਹਾੜੀ ਅਤੇ ਘਾਟੀ ਦੋਵਾਂ ਖੇਤਰਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ 130 ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਪੁਲਿਸ ਨੇ ਵੱਖ-ਵੱਖ ਉਲੰਘਣਾਵਾਂ ਲਈ 347 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਝੜਪ ਤੋਂ ਕੁਝ ਘੰਟੇ ਪਹਿਲਾਂ, ਮਨੀਪੁਰ ਵਿੱਚ ਹਿੰਸਾ ਵਿੱਚ ਮਾਰੇ ਗਏ ਕੁਕੀ-ਜੋਮੀ ਭਾਈਚਾਰੇ ਦੇ ਲੋਕਾਂ ਦੇ ਸਮੂਹਿਕ ਦਫ਼ਨਾਉਣ ਦੀਆਂ ਯੋਜਨਾਵਾਂ ਨੂੰ ਰੋਕ ਦਿੱਤਾ ਗਿਆ ਜਦੋਂ ਰਾਜ ਹਾਈ ਕੋਰਟ ਨੇ ਵੀਰਵਾਰ ਸਵੇਰੇ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਪ੍ਰਸਤਾਵਿਤ ਕਬਰਸਤਾਨ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਹੁਕਮ ਦਿੱਤਾ।
ਸਥਾਨਕ ਲੋਕ ਸੁਰੱਖਿਆ ਬਲਾਂ ਦੀ ਆਵਾਜਾਈ ਰੋਕਣ ਲਈ ਸੜਕਾਂ 'ਤੇ ਉੱਤਰੇ
ਬਿਸ਼ਨੂਪੁਰ ਜ਼ਿਲੇ 'ਚ ਸਵੇਰ ਤੋਂ ਹੀ ਤਣਾਅ ਬਣਿਆ ਹੋਇਆ ਹੈ ਕਿਉਂਕਿ ਹਜ਼ਾਰਾਂ ਸਥਾਨਕ ਲੋਕ ਸੁਰੱਖਿਆ ਬਲਾਂ ਦੀ ਆਵਾਜਾਈ ਨੂੰ ਰੋਕਣ ਲਈ ਸੜਕਾਂ 'ਤੇ ਉਤਰ ਆਏ। ਔਰਤਾਂ ਦੀ ਅਗਵਾਈ ਵਿੱਚ ਸਥਾਨਕ ਲੋਕਾਂ ਨੇ ਆਰਮੀ ਅਤੇ ਆਰ.ਏ.ਐਫ ਦੇ ਜਵਾਨਾਂ ਦੁਆਰਾ ਲਗਾਏ ਗਏ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਟੂਇਬੂਆਂਗ ਕਬਰਸਤਾਨ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ।
ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕੀਤੀ ਅਪੀਲ
ਗੜਬੜੀ ਦੇ ਡਰੋਂ ਇੰਫਾਲ ਪੂਰਬੀ ਅਤੇ ਪੱਛਮ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੇ ਦਿਨ ਦਾ ਕਰਫਿਊ ਦੁਬਾਰਾ ਲਾਗੂ ਕਰਨ ਲਈ ਵੱਖਰੇ ਆਦੇਸ਼ ਜਾਰੀ ਕੀਤੇ। ਰਾਜ ਦੇ ਕਾਨੂੰਨ ਅਤੇ ਵਿਧਾਨਿਕ ਮਾਮਲਿਆਂ ਬਾਰੇ ਮੰਤਰੀ ਥ. ਬਸੰਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਾਰੇ ਸਬੰਧਤਾਂ ਨੂੰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।