Amritsar News : ਅੰਮ੍ਰਿਤਸਰ ਦੇ ਮਹਿਲਾ ਥਾਣੇ 'ਚ ਸ਼ਖਸ ਦਾ ਹੰਗਾਮਾ, ਜ਼ਹਿਰੀਲੀ ਚੀਜ਼ ਨਿਗਲੀ, ਹਾਲਤ ਗੰਭੀਰ
Amritsar News : ਪੀੜਤ ਦੀ ਘਰਵਾਲੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੇ ਉੱਪਰ ਮਾਫੀ ਮੰਗਣ ਦਾ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਾਰਨ ਹਰਜਿੰਦਰ ਸਿੰਘ ਨੇ ਮਹਿਲਾ ਥਾਣੇ ਵਿੱਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।
Amritsar Women Police : ਅੰਮ੍ਰਿਤਸਰ ਦੇ ਮਹਿਲਾ ਵਿੰਗ ਥਾਣੇ ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਵਿਅਕਤੀ ਨੇ ਥਾਣੇ ਅੰਦਰ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ ਵਿੱਚ ਪੀੜਤ ਦੀ ਘਰਵਾਲੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਨਾਮ ਹਰਜਿੰਦਰ ਸਿੰਘ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਘਰ ਨਜ਼ਦੀਕ ਰਹਿੰਦੀ ਇੱਕ ਔਰਤ ਵੱਲੋਂ ਉਸਦੇ ਪਤੀ ਹਰਜਿੰਦਰ ਸਿੰਘ ਦੇ ਖਿਲਾਫ ਝੂਠੀ ਦਰਖਾਸਤ ਮਹਿਲਾ ਵਿੰਗ ਥਾਣੇ ਦਿੱਤੀ ਗਈ ਸੀ। ਇਸ ਮਾਮਲੇ 'ਚ ਅੱਜ ਜਦੋਂ ਉਸਦੇ ਪਤੀ ਨੂੰ ਥਾਣੇ ਬੁਲਾਇਆ ਗਿਆ। ਉਸ ਨੇ ਕਿਹਾ ਕਿ ਥਾਣੇ 'ਚ ਉਸ ਦੇ ਪਤੀ ਦੇ ਉੱਪਰ ਮਾਫੀ ਮੰਗਣ ਦਾ ਦਬਾਅ ਪਾਇਆ ਜਾ ਰਿਹਾ ਸੀ, ਜਦਕਿ ਉਸਦੇ ਪਤੀ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਮੈਂ ਕੋਈ ਗਲਤੀ ਨਹੀਂ ਕੀਤੀ ਅਤੇ ਮੈਂ ਮਾਫੀ ਨਹੀਂ ਮੰਗਾਂਗਾ।
ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸੇ ਦਬਾਅ ਦੇ ਚਲਦਿਆਂ ਉਸਦੇ ਪਤੀ ਹਰਜਿੰਦਰ ਸਿੰਘ ਨੇ ਮੌਕੇ 'ਤੇ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਕਿ ਉਸਦੀ ਸਿਹਤ ਵਿਗੜ ਗਈ ਅਤੇ ਉਸਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਾਮਲੇ 'ਚ ਪੁਲਿਸ ਦਾ ਕੀ ਹੈ ਕਹਿਣਾ ?
ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਵਿੰਗ ਥਾਣੇ ਦੇ ਵਿੱਚ ਵਿਅਕਤੀ ਹਰਜਿੰਦਰ ਸਿੰਘ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਹੈ, ਜਿਸ ਕਰਕੇ ਉਸਦੀ ਸਿਹਤ ਖਰਾਬ ਹੋਈ ਹੈ। ਉਸਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।