ਦਿੱਲੀ ਪੁਲਿਸ ਵੱਲੋਂ ਵੱਡੀ ਕਾਰਵਾਈ; ਨਾਬਾਲਿਗ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸਰਕਾਰੀ ਅਧਿਕਾਰੀ ਅਤੇ ਪਤਨੀ ਗ੍ਰਿਫ਼ਤਾਰ
ਦਿੱਲੀ : ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇੱਕ ਸਰਕਾਰੀ ਅਧਿਕਾਰੀ ਅਤੇ ਉਸ ਦੀ ਪਤਨੀ ਨੂੰ ਨਾਬਾਲਿਗ 'ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।ਇਸ ਮਾਮਲੇ ਵਿੱਚ ਦੋ ਦੋਸ਼ੀ ਗ਼੍ਰਿਫ਼ਤਾਰ ਪਾਏ ਗਏ ਹਨ ਜਿਨ੍ਹਾਂ ਦੀ ਪਹਿਚਾਣ ਪ੍ਰੇਮੋਦਯ ਖਾਖਾ ਅਤੇ ਸੀਮਾ ਰਾਣੀ ਵਜੋਂ ਹੋਈ ਹੈ।
ਦਿਲੀ ਸਰਕਾਰ ਵੱਲੋਂ ਜਾਰੀ ਇੱਕ ਹੁਕਮ ਪੜਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ, "ਕੇਂਦਰੀ ਸਿਵਲ ਸੇਵਾਵਾਂ (ਵਰਗੀਕਰਨ, ਨਿਯੰਤਰਣ ਅਤੇ ਅਪੀਲ) ਨਿਯਮ 1965 ਦੇ ਨਿਯਮ 10 ਦੇ ਉਪ-ਨਿਯਮ (1) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪ੍ਰੇਮੋਦਯ ਖਾਖਾ, ਸਹਾਇਕ ਨਿਰਦੇਸ਼ਕ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਹੈ,"
ਇਹ ਹੁਕਮ ਉਦੋਂ ਆਇਆ ਹੈ ਜਦੋਂ ਅਧਿਕਾਰੀ 'ਤੇ ਆਪਣੇ ਮ੍ਰਿਤਕ ਦੋਸਤ ਦੀ ਨਾਬਾਲਿਗ ਧੀ ਨਾਲ ਕਈ ਮਹੀਨਿਆਂ ਤੱਕ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਬੁਰਾੜੀ ਪੁਲਿਸ ਸਟੇਸ਼ਨ ਨੇ 13 ਅਗਸਤ ਨੂੰ ਆਈ.ਪੀ.ਸੀ ਦੀਆਂ ਕਈ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸਖ਼ਤ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਅਧਿਕਾਰੀ ਵਿਰੁੱਧ ਪਹਿਲੀ ਸੂਚਨਾ ਰਿਪੋਰਟ (ਐੱਫ.ਆਈ.ਆਰ) ਦਰਜ ਕੀਤੀ।
ਦਿੱਲੀ ਪੁਲਿਸ ਨੇ ਦੱਸਿਆ ਕਿ ਨਾਬਾਲਿਗ ਨੇ ਖ਼ੁਲਾਸਾ ਕੀਤਾ ਕਿ ਉਹ ਗਰਭਵਤੀ ਹੋ ਗਈ ਅਤੇ ਦੋਸ਼ੀ ਦੀ ਪਤਨੀ ਨੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ।
ਇਸ ਤੋਂ ਪਹਿਲਾਂ ਅੱਜ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਨੂੰ ਨੋਟਿਸ ਭੇਜ ਕੇ ਉਸ ਅਧਿਕਾਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਜੋ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਹਨ।