Sagar Accident : ਵੱਡਾ ਹਾਦਸਾ, ਸ਼ਾਹਪੁਰ 'ਚ ਡਿੱਗੀ ਕੰਧ, ਹਾਦਸੇ 'ਚ 9 ਬੱਚਿਆਂ ਦੀ ਮੌਤ

ਸਾਗਰ ਜ਼ਿਲ੍ਹੇ ਦੇ ਸ਼ਾਹਪੁਰ 'ਚ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਕੱਚੀ ਕੰਧ ਅਚਾਨਕ ਡਿੱਗ ਗਈ। ਮਲਬੇ ਹੇਠ ਦੱਬਣ ਨਾਲ 9 ਬੱਚਿਆਂ ਦੀ ਮੌਤ ਹੋ ਗਈ। 8 ਬੱਚਿਆਂ ਨੂੰ ਬਚਾਇਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ।

By  Dhalwinder Sandhu August 4th 2024 01:09 PM -- Updated: August 4th 2024 05:20 PM

Sagar Accident : ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸ਼ਾਹਪੁਰ ਦੇ ਹਰਦੌਲ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਕੰਧ ਅਚਾਨਕ ਡਿੱਗ ਗਈ। ਕੰਧ ਦੇ ਮਲਬੇ ਹੇਠ ਦੱਬ ਕੇ 9 ਬੱਚਿਆਂ ਦੀ ਮੌਤ ਹੋ ਗਈ। ਕਈ ਬੱਚੇ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਟੀਮ ਮੌਕੇ 'ਤੇ ਮੌਜੂਦ ਹੈ। ਮਲਬੇ 'ਚੋਂ 8 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਬਾਕੀ ਬਚੇ ਬੱਚਿਆਂ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਹ ਸਾਲ ਪੁਰਾਣੀ ਮਿੱਟੀ ਦੀ ਕੰਧ ਡਿੱਗੀ

ਜਾਣਕਾਰੀ ਮੁਤਾਬਕ ਮੰਦਰ 'ਚ ਸ਼ਿਵਲਿੰਗ ਦਾ ਨਿਰਮਾਣ ਅਤੇ ਭਾਗਵਤ ਕਥਾ ਦਾ ਆਯੋਜਨ ਚੱਲ ਰਿਹਾ ਹੈ। ਸਾਵਣ ਮਹੀਨੇ ਵਿੱਚ ਸਵੇਰ ਤੋਂ ਹੀ ਇੱਥੇ ਸ਼ਿਵਲਿੰਗ ਬਣਾਏ ਜਾ ਰਹੇ ਹਨ। ਐਤਵਾਰ ਨੂੰ ਵੀ ਸ਼ਿਵਲਿੰਗ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਅੱਠ ਤੋਂ 14 ਸਾਲ ਦੇ ਬੱਚੇ ਵੀ ਮਿੱਟੀ ਦੇ ਸ਼ਿਵਲਿੰਗ ਬਣਾਉਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ। ਸਵੇਰੇ ਜਦੋਂ ਸ਼ਿਵਲਿੰਗ ਬਣਾਇਆ ਜਾ ਰਿਹਾ ਸੀ ਤਾਂ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਪੰਜਾਹ ਸਾਲ ਪੁਰਾਣੀ ਮਿੱਟੀ ਦੀ ਕੰਧ ਡਿੱਗ ਗਈ।


ਇਹ ਕੰਧ ਸ਼ਿਵਲਿੰਗ ਬਣਾ ਰਹੇ ਬੱਚਿਆਂ 'ਤੇ ਸਿੱਧੀ ਡਿੱਗ ਗਈ, ਜਿਸ ਕਾਰਨ 9 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਹੜਕੰਪ ਮਚ ਗਿਆ। ਇਸ ਸਬੰਧੀ ਪੁਲੀਸ ਅਤੇ ਨਗਰ ਕੌਂਸਲ ਨੂੰ ਸੂਚਿਤ ਕਰ ਦਿੱਤਾ ਗਿਆ। ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਮਲਬੇ 'ਚੋਂ ਬੱਚਿਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਸੂਚਨਾ ਮਿਲਣ 'ਤੇ ਰਾਹਲੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਗੋਪਾਲ ਭਾਰਗਵ ਵੀ ਮੌਕੇ 'ਤੇ ਪਹੁੰਚ ਗਏ।

ਦੱਸਿਆ ਜਾ ਰਿਹਾ ਹੈ ਕਿ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਇਹ ਪੰਜਾਹ ਸਾਲ ਪੁਰਾਣੀ ਕੰਧ ਖਸਤਾ ਹੋ ਗਈ ਸੀ। ਇਸ ਤੋਂ ਬਾਅਦ ਵੀ ਇਸ ਨੂੰ ਢਾਹਿਆ ਨਹੀਂ ਗਿਆ। ਸਾਗਰ ਵਿੱਚ ਵੀ ਇਨ੍ਹੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ। ਅਜਿਹੇ 'ਚ ਕੱਚੇ ਅਤੇ ਟੁੱਟੇ-ਭੱਜੇ ਮਕਾਨ ਖਤਰੇ 'ਚ ਹਨ। ਲਗਾਤਾਰ ਹੋ ਰਹੀ ਬਰਸਾਤ ਕਾਰਨ ਮੰਦਰ ਦੇ ਕੋਲ ਸਥਿਤ ਕੱਚੀ ਕੰਧ ਵੀ ਢਹਿ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।


ਸੀਐਮ ਮੋਹਨ ਯਾਦਵ ਨੇ ਮੁਆਵਜ਼ੇ ਦਾ ਕੀਤਾ ਐਲਾਨ 

ਸੀਐਮ ਮੋਹਨ ਯਾਦਵ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ 'ਐਕਸ' ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, ''ਅੱਜ ਸਾਗਰ ਜ਼ਿਲ੍ਹੇ ਦੇ ਸ਼ਾਹਪੁਰ 'ਚ ਭਾਰੀ ਬਾਰਿਸ਼ ਕਾਰਨ ਇੱਕ ਘਰ ਦੀ ਕੰਧ ਡਿੱਗਣ ਕਾਰਨ 9 ਮਾਸੂਮ ਬੱਚਿਆਂ ਦੀ ਮੌਤ ਦੀ ਖਬਰ ਸੁਣ ਕੇ ਦੁਖੀ ਹਾਂ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀ ਬੱਚਿਆਂ ਦਾ ਢੁੱਕਵਾਂ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਮ੍ਰਿਤਕ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਂ ਹਾਦਸੇ ਵਿੱਚ ਜ਼ਖਮੀ ਹੋਏ ਹੋਰ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮਾਸੂਮ ਬੱਚਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਸਰਕਾਰ ਵੱਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

Related Post