ਖੌਫ਼ਨਾਕ ਮੰਜ਼ਰ 'ਚ ਬਦਲੀ ਟਰੈਕਟਰਾਂ ਦੀ ਰੇਸ, ਲੋਕਾਂ ਉੱਤੇ ਚੜ੍ਹਿਆ ਟਰੈਕਟਰ, ਕਈ ਜ਼ਖ਼ਮੀ

ਫਗਵਾੜਾ ਵਿੱਚ ਟਰੈਕਟਰਾਂ ਦੀ ਰੇਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਗਵਾੜਾ ਦੇ ਪਿੰਡ ਡੁਮੇਲੀ ਵਿੱਚ ਟਰੈਕਟਰਾਂ ਦੀ ਰੇਸ ਦੌਰਾਨ ਇੱਕ ਟਰੈਕਟਰ ਸੰਤੁਲਨ ਗੁਆ ਕੇ ਲੋਕਾਂ ਉੱਤੇ ਚੜ੍ਹ ਗਿਆ।

By  Dhalwinder Sandhu June 16th 2024 11:10 AM -- Updated: June 16th 2024 02:49 PM

Phagwara Tractor Race Major Accident: ਪੰਜਾਬ ਵਿੱਚ ਟਰੈਕਟਰਾਂ ਨਾਲ ਸਟੰਟ ਕਰਨ ਅਤੇ ਰੇਸ ਕਰਨ ਦਾ ਰੁਝਾਨ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਇਸ ਉੱਤੇ ਰੋਕ ਵੀ ਲਗਾ ਦਿੱਤੀ ਹੈ, ਪਰ ਫਿਰ ਵੀ ਅਜਿਹੀਆਂ ਖੇਡਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। 

ਕਾਬੂ ਤੋਂ ਬਾਹਰ ਹੋ ਲੋਕਾਂ ਉੱਤੇ ਚੜ੍ਹਿਆ ਟਰੈਕਟਰ

ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਪਿੰਡ ਡੁਮੇਲੀ ਤੋਂ ਸਾਹਮਣੇ ਆਇਆ ਹੈ। ਜਿਥੇ ਟਰੈਕਟਰਾਂ ਨਾਲ ਰੇਸ ਲਗਾ ਰਹੇ ਇੱਕ ਵਿਅਕਤੀ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ, ਜਿਸ ਤੋਂ ਬਾਅਦ ਉਕਤ ਟਰੈਕਟਰ ਨੇ ਰੇਸ ਦੇਖਣ ਲਈ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ 'ਚ ਕਰੀਬ 5 ਲੋਕ ਗੰਭੀਰ ਜ਼ਖਮੀ ਹੋ ਗਏ। ਖੁਸ਼ਕਿਸਮਤੀ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਇਸ ਪੂਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਸਾਈਡ ’ਤੇ ਖੜ੍ਹੇ ਹੋ ਕੇ ਟਰੈਕਟਰ ਦੀ ਰੇਸ ਦੇਖ ਰਹੇ ਸੀ ਤਾਂ ਇਸੇ ਦੌਰਾਨ ਇੱਕ ਟਰੈਕਟਰ ਬੇਕਾਬੂ ਹੋ ਕੇ ਸਾਡੇ ਵੱਲ ਆਣ ਲੱਗਾ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝ ਪਾਉਂਦੇ, ਉਕਤ ਟਰੈਕਟਰ ਸਾਡੇ ਉੱਪਰ ਆ ਗਿਆ। 

ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਫਗਵਾੜਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਟਰੈਕਟਰ ਕਬਜ਼ੇ ਵਿੱਚ ਲੈ ਲਏ ਹਨ ਤੇ 4 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਹਾਲਾਂਕਿ ਇਸ ਘਟਨਾ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣੀਆਂ ਬਾਕੀ ਹਨ। ਪੁਲਿਸ ਨੇ ਬਾਏਨੇਮ 11 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਦਕਿ ਵੀਡੀਓ ਰਾਹੀਂ ਹੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਟਰੈਕਟਰ ਦੀ ਰੇਸ ਚੱਲ ਰਹੀ ਸੀ ਅਤੇ ਉਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਨੂੰ ਦੇਖਦੇ ਹੀ ਸਾਰੀ ਭੀੜ ਮੌਕੇ ਤੋਂ ਭੱਜ ਗਈ। ਮੌਕੇ ਤੋਂ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਤਿੰਨ ਜ਼ਖ਼ਮੀਆਂ ਨੂੰ ਫਗਵਾੜਾ ਅਤੇ ਜਲੰਧਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਟਰੈਕਟਰ ਰੇਸ 

ਪੁਲਿਸ ਨੇ ਦੱਸਿਆ ਕਿ ਇਸ ਰੇਸ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਹ ਰੇਸ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਘਟਨਾ ਵਿੱਚ ਟਰੈਕਟਰ ਚਲਾ ਰਿਹਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਨੂੰ ਪਹਿਲਾ ਹੀ ਗੈਰ-ਕਾਨੂੰਨੀ ਕਰਾਰ ਐਲਾਨਿਆਂ ਹੋਇਆ ਹੈ ਤੇ ਇਸ ਉੱਤੇ ਪਾਬੰਧੀ ਵੀ ਲਗਾਈ ਹੋਈ ਹੈ। ਇਸ ਲਈ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਮਾਮਲੇ ਵਿੱਚ ਦੌੜ ਦਾ ਆਯੋਜਨ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਪੁਲਿਸ ਨੇ ਇਸ ਦੇ ਨਾਲ ਹੀ ਸਾਰਿਆਂ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਸਰਕਾਰ ਨੇ ਜਿਹੜੀਆਂ ਖੇਡਾਂ ਉੱਪਰ ਰੋਕ ਲਗਾਈ ਹੋਈ ਹੈ, ਜੇਕਰ ਕੋਈ ਵੀ  ਕਾਨੂੰਨ ਤੋੜ ਕੇ ਖੇਡ ਮੇਲਾ ਕਰਵਾਵੇਗਾ, ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Father's Day 2024: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ, ਕੀਤੀ ਭਾਵੁਕ ਪੋਸਟ

Related Post