Majitha Police : ਮਜੀਠਾ ਪੁਲਿਸ ਥਾਣੇ ਦੇ ਬਾਹਰ ਧਮਾਕਾ, ਲੋਕਾਂ 'ਚ ਦਹਿਸ਼ਤ, ਪੂਰੇ ਮਜੀਠਾ 'ਚ ਸੁਣਾਈ ਦਿੱਤੀ ਧਮਾਕੇ ਦੀ ਗੂੰਜ !

Majitha Police Station News : ਸੂਤਰਾਂ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਪੂਰੇ ਇਲਾਕੇ 'ਚ ਸੁਣਾਈ ਦਿੱਤੀ। ਧਮਾਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਥਾਣੇ ਦੇ ਬਾਹਰ ਟਾਇਰ ਫਟਣ ਕਾਰਨ ਵਾਪਰਿਆ ਹੈ।

By  KRISHAN KUMAR SHARMA December 5th 2024 09:06 AM -- Updated: December 5th 2024 09:36 AM

Majitha Police Station News Blast : ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਬਾਹਰ ਜ਼ਬਰਦਸਤ ਧਮਾਕਾ ਹੋਇਆ ਹੈ। ਸੂਤਰਾਂ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਪੂਰੇ ਇਲਾਕੇ 'ਚ ਸੁਣਾਈ ਦਿੱਤੀ। ਧਮਾਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਥਾਣੇ ਦੇ ਬਾਹਰ ਟਾਇਰ ਫਟਣ ਕਾਰਨ ਵਾਪਰਿਆ ਹੈ।

ਸੂਤਰਾਂ ਅਨੁਸਾਰ ਦੇਰ ਰਾਤ ਹੋਏ ਇਸ ਧਮਾਕੇ ਦਾ ਖੜਾਕ ਪੂਰੇ ਮਜੀਠਾ ਨਗਰ ਦੇ ਵਿੱਚ ਸੁਣਿਆ ਗਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਥਾਣੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਧਮਾਕੇ ਵਿੱਚ ਥਾਣੇ ਦੀਆਂ ਬਾਰੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ।

ਕਿਵੇਂ ਹੋਇਆ ਧਮਾਕਾ ?

ਪੁਲਿਸ ਅਧਿਕਾਰੀਆਂ ਅਨੁਸਾਰ ਇਹ ਧਮਾਕਾ ਪੁਲਿਸ ਥਾਣੇ ਦੇ ਬਾਹਰ ਇੱਕ ਮੁਲਾਜ਼ਮ ਵੱਲੋਂ ਆਪਣੇ ਵਾਹਨ ਦੇ ਟਾਇਰ 'ਚ ਹਵਾ ਭਰਨ ਸਮੇਂ ਫਟਣ ਕਾਰਨ ਇਹ ਧਮਾਕਾ ਹੋਇਆ। ਹਾਲਾਂਕਿ ਸ਼ਹਿਰ 'ਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ ਅਤੇ ਇਸ ਨੂੰ ਥਾਣੇ ਵਿੱਚ ਬਲਾਸਟ ਕਿਹਾ ਜਾ ਰਿਹਾ ਹੈ, ਕਿਉਂਕਿ ਧਮਾਕੇ ਕਾਰਨ ਥਾਣੇ ਦੀਆਂ ਬਾਰੀਆਂ ਅਤੇ ਦਰਵਾਜਿਆਂ ਦੇ ਸ਼ੀਸ਼ੇ ਵੀ ਟੁੱਟ ਗਏ ਅਤੇ ਪੁਲਿਸ ਨੇ ਥਾਣੇ ਦੇ ਸਾਰੇ ਦਰਵਾਜ਼ੇ ਬੰਦ ਕੀਤੇ ਹਨ।

ਸੂਤਰਾਂ ਅਨੁਸਾਰ ਧਮਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਹੈ। ਪਰੰਤੂ ਪੁਲਿਸ ਵੱਲੋਂ ਧਮਾਕੇ ਬਾਰੇ ਕੁੱਝ ਵੀ ਖੁੱਲ੍ਹ ਕੇ ਨਹੀਂ ਦੱਸਿਆ ਜਾ ਰਿਹਾ ਹੈ।

ਪੁਲਿਸ ਦਾ ਕੀ ਹੈ ਕਹਿਣਾ

ਹਾਲਾਂਕਿ ਅਜੇ ਮਾਮਲੇ ਬਾਰੇ ਕੋਈ ਵੀ ਪੁਖਤਾ ਅਤੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰੰਤੂ ਡੀਐਸਪੀ ਮਜੀਠਾ ਜਸਪਾਲ ਸਿੰਘ ਦੇ ਦੱਸਣ ਅਨੁਸਾਰ ਇਹ ਧਮਾਕਾ ਟਾਇਰ ਫਟਣ ਕਾਰਨ ਸੀ। ਜਦ ਕਿ ਲੋਕਾਂ ਵਿੱਚ ਇਹ ਚਰਚਾ ਹੈ ਕਿ ਇਹ ਧਮਾਕਾ ਟਾਇਰ ਫਟਣ ਦਾ ਨਹੀਂ।

ਅੰਮ੍ਰਿਤਸਰ 'ਚ ਦੂਜੀ ਘਟਨਾ

ਦੱਸ ਦਈਏ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ 6 ਦਿਨਾਂ ਅੰਦਰ ਪੁਲਿਸ ਚੌਕੀ ਅਤੇ ਥਾਣੇ ਅੱਗੇ ਧਮਾਕੇ ਦੀ ਇਹ ਦੂਜੀ ਘਟਨਾ ਹੈ। ਇਸਤੋਂ ਪਹਿਲਾਂ 29 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਦੀ ਬੰਦ ਪਈ ਗੁਰਬਖਸ਼ ਨਗਰ ਚੌਕੀ ਵਿੱਚ ਹੈਂਡ ਗ੍ਰੇਨੇਡ ਨਾਲ ਧਮਾਕਾ ਹੋਇਆ ਸੀ।

Related Post