"ਮੈਂ ਤੈਨੂੰ ਫਿਰ ਮਿਲਾਂਗੀ" - ਜਨਮ ਦਿਨ ਮੁਬਾਰਕ ਅੰਮ੍ਰਿਤਾ ਪ੍ਰੀਤਮ
ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜਗ ਤੋਂ ਚਾਹੇ ਰੁਖ਼ਸਤ ਕਰ ਜਾਣ ਪਰ ਉਨ੍ਹਾਂ ਦੀਆਂ ਯਾਦਾਂ ਦੇ ਸਰਮਾਏ ਹਮੇਸ਼ਾ ਸੰਸਾਰ ਤੇ ਝੂਮਦੇ ਰਹਿੰਦੇ ਹਨ।
ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜਗ ਤੋਂ ਚਾਹੇ ਰੁਖ਼ਸਤ ਕਰ ਜਾਣ ਪਰ ਉਨ੍ਹਾਂ ਦੀਆਂ ਯਾਦਾਂ ਦੇ ਸਰਮਾਏ ਹਮੇਸ਼ਾ ਸੰਸਾਰ ਤੇ ਝੂਮਦੇ ਰਹਿੰਦੇ ਹਨ। "ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ" ਜਿਹੀ ਰਚਨਾ ਨਾਲ ਉਸ ਸਮੇਂ ਦੇ ਦੌਰ ਨੂੰ ਹਲੂਣੇ ਦੇ ਕੇ ਜਗਾਵਣ ਵਾਲੀ ਅੰਮ੍ਰਿਤਾ ਪ੍ਰੀਤਮ ਦਾ ਅੱਜ ਜਨਮ ਦਿਵਸ ਹੈ।
ਪੁਰਾਣੇ ਸਮੇਂ ਵੱਲ ਝਾਤ ਮਾਰ ਕੇ ਦੇਖੀਏ ਤਾਂ ਅਥਾਹ ਸ਼ਾਹਕਾਰ ਰਚਨਾਵਾਂ ਦੀ ਰਚਨਹਾਰ ਅੰਮ੍ਰਿਤਾ ਨੇ ਜਿੱਥੇ ਦੁਨੀਆਂ ਤੇ ਸਮਾਜ ਦੀ ਗੱਲ ਕੀਤੀ ਉੱਥੇ ਨਿੱਜੀ ਜੀਵਨ ਦੇ ਵਰਤਾਰਿਆਂ ਨੂੰ ਵੀ ਬਾਖੂਬੀ ਅੰਦਾਜ਼ ਨਾਲ ਖਲਕਤ ਸਾਹਵੇਂ ਰੱਖਿਆ । ਓਦੋਂ ਅਜੇ ਬਹੁਤੀ ਉਮਰ ਤਾਂ ਨਹੀਂ ਸੀ ਹੋਈ ਜਦੋਂ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਹਿਲਾਂ ਪਹਿਲ ਉਸਦੀਆਂ ਲੇਖਣੀਆਂ 'ਚ ਮੁਹੱਬਤ ਦੇ ਉਹ ਸਾਰੇ ਰੰਗ ਪੜ੍ਹੇ , ਫਿਰ ਬਿਰਹਾ ਵਿਛੋੜੇ ਅਤੇ ਹੰਝੂਆਂ ਦੀ ਭਰੀ ਲੱਪ ਨੂੰ ਉਸਦੀ ਲੇਖਣੀ 'ਚ ਮਹਿਸੂਸ ਕੀਤਾ। ਗੱਲ ਉਸਦੀ ਨਿੱਜੀ ਜ਼ਿੰਦਗੀ ਦੀ ਹੋਵੇ ਜਾਂ ਫਿਰ ਹੋਵੇ ਆਲੇ ਦੁਆਲੇ ਚਿਤਰੇ ਹੋਏ ਕਿਰਦਾਰਾਂ ਦੀ, ਅੰਮ੍ਰਿਤਾ ਪ੍ਰੀਤਮ ਅੰਦਰ ਸ਼ਬਦਾਂ ਅਤੇ ਵਿਚਾਰਾਂ ਦਾ ਠਾਠਾਂ ਮਾਰਦਾ ਸਮੁੰਦਰ ਮੌਜੂਦ ਸੀ।
ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਹੋਣ ਦਾ ਮਾਣ ਹਾਸਿਲ ਹੋਣਾ ਕੋਈ ਛੋਟੀ ਗੱਲ ਤੇ ਨਹੀਂ ਹੁੰਦੀ, ਪਰ ਉਸਦਾ ਕਿਰਦਾਰ ਹੰਕਾਰ ਅਣਖ ਤੋਂ ਬੇਹੱਦ ਪਰ੍ਹੇ ਸੀ। ਲਿਖਣ ਕਲਾ ਦੇ ਕਿਹੜਾ ਰੰਗ ਸੀ ਜੋ ਉਸਨੇ ਆਪਣੀਆਂ ਰਚਨਾਵਾਂ 'ਚ ਨਹੀਂ ਭਰਿਆ । ਹਾਵਾਂ 'ਚ ਭਿੱਜੀਆਂ ਕਵਿਤਾਵਾਂ , ਜ਼ਿੰਦਗੀ ਦੀ ਤਸਵੀਰ 'ਤੇ ਨਾਵਲ , ਲੋਕ ਗੀਤ ਤੇ ਆਤਮਕਥਾਵਾਂ ਰਚੀਆਂ। ਭਾਰਤ ਦੀ ਵੰਡ ਸਮੇਂ ਪੰਜਾਬ ਦੇ ਭਿਆਨਕ ਦੌਰ ਨੂੰ ਜਿੰਨੀ ਪ੍ਰਪੱਕਤਾ ਨਾਲ ਉਨ੍ਹਾਂ ਨੇ ਬਿਆਨਿਆ ਉਹ ਦੋਵਾਂ ਮੁਲਕਾਂ ਦੇ ਲੋਕਾਂ ਵੱਲੋਂ ਸਰਾਹਿਆ ਗਿਆ । "ਪਿੰਜਰ" ਉਪਨਿਆਸ ਨੂੰ ਇੰਨੀ ਕੁ ਪ੍ਰਸਿੱਧੀ ਮਿਲੀ ਕਿ ਉਸ 'ਤੇ ਫਿਲਮ ਬਣ ਗਈ।
ਸਾਹਿਤ ਅਕਾਦਮੀ ਪੁਰਸਕਾਰ, ਸਰਵਉੱਚ ਗਿਆਨਪੀਠ ਪੁਰਸਕਾਰ , ਪਦਮਸ਼੍ਰੀ ਅਵਾਰਡ, ਪਦਮਵਿਭੂਸ਼ਨ ਅਵਾਰਡਾਂ ਨਾਲ ਸਨਮਾਨਿਤ ਅੰਮ੍ਰਿਤਾ ਨੂੰ ਕਦੇ ਹੰਕਾਰ ਨੂੰ ਆਪਣੀ ਹੋਂਦ 'ਚ ਰਚਦੇ ਕਿਸੇ ਨੇ ਨਹੀਂ ਦੇਖਿਆ। ਕਦੇ ਉਹ ਆਪਣੀ ਇੱਕ ਕਵਿਤਾ 'ਚ ਅੰਤਰ ਪੀੜਾ ਨੂੰ ਬਿਆਨਦੀ ਸੀ:-
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ ਮੈਂ ਜੀਅ ਰਹੀ ਤੇਰੇ ਬਿਨ੍ਹਾਂ ਤੇਰੇ ਲਈ ਕੁਕਨੂਸ- ਅੰਮ੍ਰਿਤਾ ਪ੍ਰੀਤਮ
ਕਦੇ ਉਹ ਕੁਦਰਤ ਦੇ ਨਾਲ ਗੂੜ੍ਹੀ ਸਾਂਝ ਪਾ ਲੈਂਦੀ ਸੀ । "ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ "
ਕਦੇ ਉਸਦੇ ਇਹ ਬੋਲ ਕਿਸੇ ਰੰਝ ਨੂੰ ਮੁਖਾਤਬ ਹੁੰਦੇ ਸਨ । "ਪਰਛਾਵਿਆਂ ਨੂੰ ਫ਼ੜਨ ਵਾਲ਼ਿਓ ਛਾਤੀ 'ਚ ਬਲਦੀ ਅੱਗ ਦਾ ਕੋਈ ਪਰਛਾਵਾਂ ਨਹੀਂ ਹੁੰਦਾ"
ਕਦੇ ਉਹ ਆਪਣੀਆਂ ਲੇਖਣੀਆਂ 'ਚ ਖੂਬਸੂਰਤ ਸਮਾਜ ਦਾ ਸੁਪਨਾ ਉਲੀਕਦੀ ਸੀ ਤੇ ਕਦੇ ਅੰਨਦਾਤੇ ਨੂੰ ਅਵਾਜ਼ ਲਗਾਉਂਦੀ ਸੀ, ਕਦੇ ਵਾਰਸ ਸ਼ਾਹ ਨੂੰ ਹਾਕਾਂ ਮਾਰ ਬੁਲਾਉਂਦੀ ਸੀ
ਖਦੇ ਇਸ ਦੁਨੀਆਂ 'ਤੇ ਜ਼ਿੰਦਾ ਰਿਸ਼ਤਿਆਂ ਨੂੰ ਨਸੀਹਤਾਂ ਦਿੰਦੀ ਸੀ, ਤੇ ਕਦੇ ਆਪਣੀ ਰਚਨਾਸ਼ੈਲੀ ਜ਼ਰੀਏ ਔਰਤ ਦੇ ਮਸਲਿਆਂ ਬਾਰੇ ਝਾਤ ਪਾ ਕੇ ਦਰਸਾਉਂਦੀ ਸੀ ਔਰਤ ਦੀ ਅਵਸਥਾ ਦਾ ਤਸੁੱਵਰ!
ਕਦੇ ਜਿਸਮਾਂ ਦੇ ਆਰ ਪਾਰ ਪਸਰਦੇ ਰਿਸ਼ਤਿਆਂ ਦੀ ਗਾਥਾ ਬਿਆਨ ਕਰਦੀ ਸੀ ' ਤੇ ਕਦੇ ਆਪਣੇ ਹੀ ਅੰਦਰ ਜਿਊਂਦੇ ਕਿਸੇ ਦਰਦ ਨੂੰ ਚੁੱਪ ਚਾਪ ਪੀ ਜਾਂਦੀ ਸੀ...!
ਇੱਕ ਦਰਦ ਸੀ.. ਜੋ ਮੈਂ ਸਿਗਰਟ ਦੀ ਤਰ੍ਹਾਂ ਚੁੱਪ ਚਾਪ ਪੀਤਾ ਹੈ ਸਿਰਫ ਕੁਝ ਨਜ਼ਮਾਂ ਹਨ – ਜੋ ਸਿਗਰਟ ਦੇ ਨਾਲੋਂ ਮੈਂ ਰਾਖ ਵਾਂਗਣ ਝਾੜੀਆਂ...
ਅੰਮ੍ਰਿਤਾ ਕਦੇ ਆਪਣੇ ਮਹਿਰਮ 'ਚ ਉਹ ਸਾਰੇ ਰਿਸ਼ਤੇ ਲੱਭ ਲੈਂਦੀ ਸੀ , ਜਿੰਨਾਂ ਰਿਸ਼ਤਿਆਂ 'ਚ ਦੁਨੀਆਂ ਖੁਦ ਨੂੰ ਮਹਿਫ਼ੂਜ਼ ਸਮਝਦੀ ਸੀ..
ਬਾਪ ਵੀਰ ਦੋਸਤ ਤੇ ਖਾਂਵਦ ਕਿਸੇ ਲਫ਼ਜ਼ ਦਾ ਕੋਈ ਨਹੀਂ ਰਿਸ਼ਤਾ ਉਂਝ ਜਦੋਂ ਮੈਂ ਤੈਨੂੰ ਤੱਕਿਆ ਤਾਂ ਸਾਰੇ ਅੱਖਰ ਗੂੜ੍ਹੇ ਹੋ ਗਏ...
ਅੰਮ੍ਰਿਤਾ ਨੇ ਆਪਣੀਆਂ ਲਿਖਤਾਂ 'ਚ ਔਰਤ ਦੀ ਹਰ ਅਵਸਥਾ ਨੂੰ ਬੜੇ ਹੀ ਬਿਹਤਰੀਨ ਢੰਗ ਨਾਲ ਪੇਸ਼ ਕੀਤਾ । ਔਰਤ ਦੇ ਅੰਦਰ ਮਨ ਦੀ ਵੇਦਨਾ ਨੂੰ , ਉਸਦੇ ਅੰਦਰਲੇ ਵਲਵਲਿਆਂ ਨੂੰ , ਹਾਵਾਂ ਨੂੰ , ਖੂਬਸੂਰਤੀ ਨੂੰ, ਪੀੜਾ ਨੂੰ ਜਿੰਨੀ ਬਿਹਤਰੀ ਨਾਲ ਰਚਨਾਵਾਂ 'ਚ ਸ਼ਾਮਿਲ ਕੀਤਾ , ਉਹ ਵਾਕੇਈ ਤਾਰੀਫ਼ ਦੇ ਕਾਬਿਲ ਹੈ। ਅੰਮ੍ਰਿਤਾ ਪ੍ਰੀਤਮ ਆਪਣੀਆਂ ਰਚਨਾਵਾਂ ਨਾਲ ਸਾਹਿਤ ਨੂੰ ਇੰਨਾ ਕੁ ਅਮੀਰ ਕਰ ਗਈ , ਕਿ ਉਸਦੀਆਂ ਤਮਾਮ ਰਚਨਾਵਾਂ 'ਚ ਅਜੇ ਵੀ ਉਸਦੇ ਜ਼ਿੰਦਾ ਹੋਣ ਦਾ ਭੁਲੇਖਾ ਪੈਂਦਾ ਹੈ..।
ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਆਬਗੀਨਾ ( ਸ਼ੀਸ਼ਾ) ਹੈ, ਜਿਸਦੇ ਅੰਦਰ ਝਾਕਦਿਆਂ ਹਰ ਕਿਸੇ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਸ 'ਚ ਉਸਦੀ ਹੀ ਜ਼ਿੰਦਗੀ ਦੀ ਝਲਕ ਹੈ।
ਬੇਸ਼ੱਕ ਉਹ ਸ਼ਬਦਾਂ ਦੀ ਬੇਤਾਜ ਬਾਦਸ਼ਾਹ ਸੀ , ਪਰ ਸ਼ਬਦਾਂ ਤੋਂ ਵੀ ਪਰ੍ਹੇ ਉਸਦੇ ਅੰਦਰ ਕਲਪਨਾ ਦਾ ਇੱਕ ਪੂਰੇ ਦਾ ਪੂਰਾ ਅੰਬਰ ਸੀ। ਕੁਝ ਹਕੀਕਤਾਂ, ਕੁਝ ਤ੍ਰਾਸਦੀਆਂ , ਕੁਝ ਆਪ ਬੀਤੀਆਂ ਤੇ ਕੁਝ ਜਗਬੀਤੀਆਂ, ਕੌੜੀਆਂ ਤੇ ਮਿੱਠੀਆਂ ਰਚਨਾਵਾਂ ਨਾਲ ਉਹ ਸਾਹਿਤ ਨੂੰ ਅਮੀਰ ਕਰ ਗਈ।
"ਮੈਂ ਤੈਨੂੰ ਫਿਰ ਮਿਲਾਂਗੀ"ਦੇ ਇੱਕ ਵਾਅਦੇ ਨਾਲ ਆਪਣੇ ਪਾਠਕਾਂ ਤੋਂ ਆਪਣੇ ਆਪਣਿਆਂ ਤੋਂ ਤੇ ਪੂਰੇ ਜਗ ਤੋਂ ਦੂਰ ਚਲੀ ਗਈ ਉੱਥੇ ਜਿੱਥੇ ਸਿਰਫ਼ ਮੁਹੱਬਤ ਵੱਸਦੀ ਹੈ। ਅੱਜ ਵੀ ਉਹ ਤਮਾਮ ਪਾਠਕਾਂ ਅਤੇ ਉਸਦੇ ਚਾਹੁਣ ਵਾਲ਼ਿਆਂ ਦੇ ਦਿਲਾਂ 'ਚ ਕਿਸੇ ਬਹੁਤ ਹੀ ਖੂਬਸੂਰਤ ਰਚਨਾ ਵਾਂਗ ਸਮੋਈ ਹੈ।