ਮਹਾਰਾਸ਼ਟਰ: ਠਾਣੇ ਦੇ ਸਰਕਾਰੀ ਹਸਪਤਾਲ 'ਚ 24 ਘੰਟਿਆਂ 'ਚ 18 ਲੋਕਾਂ ਦੀ ਮੌਤ
ਮੁੰਬਈ: ਮਹਾਰਾਸ਼ਟਰ ਦੇ ਠਾਣੇ ਦੇ ਇਕ ਸਰਕਾਰੀ ਹਸਪਤਾਲ 'ਚ 24 ਘੰਟਿਆਂ 'ਚ 18 ਮਰੀਜ਼ਾਂ ਦੀ ਮੌਤ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਤਾਨਾਜੀ ਸਾਵੰਤ ਅਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਠਾਣੇ ਦੇ ਕਾਲਵਾ ਵਿੱਚ ਸਿਵਲ ਬਾਡੀ ਦੁਆਰਾ ਚਲਾਏ ਜਾ ਰਹੇ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ ਵਿੱਚ 24 ਘੰਟਿਆਂ ਵਿੱਚ 18 ਮਰੀਜ਼ਾਂ ਦੀ ਮੌਤ ਹੋ ਗਈ।
ਮਰਨ ਵਾਲਿਆਂ ਵਿੱਚ 10 ਔਰਤਾਂ ਅਤੇ ਅੱਠ ਪੁਰਸ਼ ਸ਼ਾਮਲ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਕਿਹਾ ਹੈ ਕਿ ਜੇਕਰ ਅਣਗਹਿਲੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ਰਦ ਪਵਾਰ ਨੇ ਇੱਕ ਟਵੀਟ ਵਿੱਚ ਮੌਤਾਂ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮੰਤਰੀ ਦਾ ਬਿਆਨ - ਆਈ.ਸੀ.ਯੂ ਦੀ ਵਧਾਈ ਸਮਰੱਥਾ
ਮਹਾਰਾਸ਼ਟਰ ਸਰਕਾਰ ਦੇ ਇੱਕ ਮੰਤਰੀ ਦੀਪਕ ਕੇਸਰਕਰ ਨੇ ਹਸਪਤਾਲ ਵਿੱਚ ਹੋਈਆਂ ਮੌਤਾਂ ਬਾਰੇ ਕਿਹਾ ਕਿ ਇਸ ਹਸਪਤਾਲ ਦੀ ਆਈ.ਸੀ.ਯੂ ਸਮਰੱਥਾ ਵਧਾ ਦਿੱਤੀ ਗਈ ਹੈ ਅਤੇ ਜਦੋਂ ਆਈ.ਸੀ.ਯੂ ਦੀ ਸਮਰੱਥਾ ਵਧਾਈ ਜਾਂਦੀ ਹੈ ਤਾਂ ਹੋਰ ਗੰਭੀਰ ਮਰੀਜ਼ ਵੀ ਆਉਂਦੇ ਹਨ, ਜੋ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਮਰ ਜਾਂਦੇ ਹਨ। ਡਾਕਟਰ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਲਈ ਪਹਿਲਾਂ ਹੀ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ। ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
'ਦੋ ਦਿਨਾਂ ਵਿੱਚ ਇਸ ਮਾਮਲੇ ਵਿੱਚ ਰਿਪੋਰਟ ਦੇਣ ਲਈ ਕਿਹਾ'
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਨੇ ਇਸ ਦਾ ਕਾਰਨ ਮਰੀਜ਼ਾਂ ਦੀ ਸਿਹਤ ਦੀ ਗੰਭੀਰ ਹਾਲਤ ਦੇ ਨਾਲ-ਨਾਲ ਉਨ੍ਹਾਂ ਦੀ ਉਮਰ ਨੂੰ ਦੱਸਿਆ ਹੈ। ਸਾਵੰਤ ਨੇ ਕਿਹਾ ਕਿ ਹਸਪਤਾਲ ਦੇ ਡੀਨ ਨੂੰ ਦੋ ਦਿਨਾਂ ਵਿੱਚ ਇਸ ਮਾਮਲੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਠਾਣੇ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੇ ਕਈ ਅਧਿਕਾਰੀ ਰਿਕਾਰਡ ਆਦਿ ਦੀ ਜਾਂਚ ਕਰ ਰਹੇ ਹਨ।
'ਮਰਨ ਵਾਲਿਆਂ ਦਾ ਆਮ ਅੰਕੜਾ ਪ੍ਰਤੀ ਦਿਨ 6-7'
ਮਾਮਲੇ ਬਾਰੇ ਪੁਲਿਸ ਡਿਪਟੀ ਕਮਿਸ਼ਨਰ ਗਣੇਸ਼ ਗਾਵੜੇ ਨੇ ਕਿਹਾ, “ਸਾਨੂੰ ਪਿਛਲੇ 24 ਘੰਟਿਆਂ ਵਿੱਚ 18 ਮੌਤਾਂ ਦੀ ਸੂਚਨਾ ਮਿਲੀ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਆਮ ਅੰਕੜਾ ਪ੍ਰਤੀ ਦਿਨ ਛੇ ਤੋਂ ਸੱਤ ਹੁੰਦਾ ਹੈ। ਉਨ੍ਹਾਂ ਕਿਹਾ, “ਹਸਪਤਾਲ ਪ੍ਰਬੰਧਨ ਨੇ ਸਾਨੂੰ ਦੱਸਿਆ ਕਿ ਕੁਝ ਮਰੀਜ਼ ਗੰਭੀਰ ਹਾਲਤ ਵਿੱਚ ਉੱਥੇ ਪਹੁੰਚੇ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕੁਝ ਬਜ਼ੁਰਗ ਸਨ। ਇੰਨੀ ਵੱਡੀ ਗਿਣਤੀ ਵਿਚ ਹੋਈਆਂ ਮੌਤਾਂ ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਅਸੀਂ ਹਸਪਤਾਲ ਵਿਚ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਹੈ।"
ਸਾਵੰਤ ਨੇ ਕਿਹਾ ਕਿ ਹਸਪਤਾਲ ਦੇ ਡੀਨ ਨੂੰ ਪਿਛਲੇ 24 ਘੰਟਿਆਂ ਵਿੱਚ ਹੋਈਆਂ 18 ਮੌਤਾਂ ਬਾਰੇ ਦੋ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਮੰਤਰੀ ਨੇ ਪੁਣੇ ਵਿੱਚ ਪੱਤਰਕਾਰਾਂ ਨੂੰ ਦੱਸਿਆ, “ਇਨ੍ਹਾਂ ਵਿੱਚੋਂ ਕੁੱਲ 13 ਮਰੀਜ਼ ਆਈ.ਸੀ.ਯੂ ਵਿੱਚ ਸਨ। ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਸੀ। ਸੂਬਾ ਸਰਕਾਰ ਨੇ ਡੀਨ ਨੂੰ ਦੋ ਦਿਨਾਂ ਵਿੱਚ ਰਿਪੋਰਟ ਸੌਂਪਣ ਲਈ ਕਿਹਾ ਹੈ।"
ਸਾਵੰਤ ਨੇ ਕਿਹਾ, “ਡੀਨ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਹ ਹਸਪਤਾਲ ਰਾਜ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਆਉਂਦਾ ਹੈ। ਇਸ ਦੇ ਮੰਤਰੀ ਹਸਨ ਮੁਸ਼ਰਿਫ ਹਸਪਤਾਲ ਪਹੁੰਚ ਗਏ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।"