Satluj River : ਸਤਲੁਜ ਦਰਿਆ 'ਚ ਡੁੱਬੇ 5 ਨੌਜਵਾਨ, 2 ਦੀਆਂ ਮਿਲੀਆਂ ਲਾਸ਼ਾਂ, ਬਾਕੀਆਂ ਦੀ ਭਾਲ ਜਾਰੀ

5 Youth Drowned in Satluj river : ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਪਾਇਆ ਕਿਹੜੇ ਕਾਰਨਾਂ ਕਰਕੇ ਇਹ ਡੁੱਬੇ ਸਨ। ਪਰ ਹੁਣ ਮੰਦਭਾਗੀ ਅਪਡੇਟ ਆ ਰਹੀ ਕਿ ਗੋਤਾਖੋਰਾਂ ਟੀਮਾਂ ਨੂੰ ਦੋ ਨੌਜਵਾਨਾਂ ਬਾਰੇ ਪਤਾ ਲੱਗ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

By  KRISHAN KUMAR SHARMA June 10th 2024 08:51 AM -- Updated: June 10th 2024 02:47 PM

Ludhiana News : ਲੁਧਿਆਣਾ ਤੋਂ ਅਤਿ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਕਾਸਾਬਾਦ ਪਿੰਡ ਨੇੜੇ ਗਰਮੀ ਤੋਂ ਰਾਹਤ ਪਾਉਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਹ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ। 6 ਦੋਸਤ ਇਥੇ ਦਰਿਆ ਕੰਢੇ ਨਹਾਉਣ ਆਏ ਸਨ ਕਿ ਪਾਣੀ ਦੇ ਵਹਾਅ ਕਾਰਨ 4 ਨੌਜਵਾਨ ਡੁੱਬ ਗਏ ਸਨ। ਇਸਦੇ ਨਾਲ ਹੀ ਇੱਕ ਹੋਰ ਨੌਜਵਾਨ ਦੇ ਗਰੁੱਪ ਵਿਚੋਂ ਇੱਕ ਨੌਜਵਾਨ ਦੇ ਡੁੱਬਣ ਬਾਰੇ ਖਬਰ ਸੀ। ਹੁਣ ਅਪਡੇਟ ਆ ਰਹੀ ਹੈ ਕਿ ਗੋਤਾਖੋਰਾਂ ਦੀਆਂ ਟੀਮਾਂ ਨੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਦਕਿ ਬਾਕੀਆਂ ਦੀ ਭਾਲ ਅਜੇ ਵੀ ਜਾਰੀ ਹੈ।

ਜਾਣਕਾਰੀ ਅਨੁਸਾਰ ਇਥੇ ਨੌਜਵਾਨਾਂ ਦੇ ਕੁੱਝ ਗਰੁੱਪ ਨਹਾਉਣ ਲਈ ਆਏ ਹੋਏ ਸਨ। ਇਨ੍ਹਾਂ ਵਿੱਚ 6 ਨੌਜਵਾਨਾਂ ਦਾ ਗਰੁੱਪ ਵੀ ਸੀ। ਇਨ੍ਹਾਂ ਵਿਚੋਂ ਚਾਰ ਦੋਸਤ ਸਤਲੁਜ ਦਰਿਆ ਦੇ ਵਿੱਚ ਡੁੱਬ ਗਏ। ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਪਾਇਆ ਕਿਹੜੇ ਕਾਰਨਾਂ ਕਰਕੇ ਇਹ ਡੁੱਬੇ ਹਨ। ਜਾਣਕਾਰੀ ਅਨੁਸਾਰ ਨੌਜਵਾਨਾਂ ਦੀ ਸ਼ਨਾਖਤ ਸਮੀਰ ਖਾਨ, ਮਿਸਾਊਲ, ਜ਼ਹੀਰ ਅਤੇ ਸ਼ਾਹਬਾਜ ਅੰਸਾਰੀ ਵੱਜੋਂ ਹੋਈ ਹੈ। ਬੱਚਿਆਂ ਦੇ ਡੁੱਬਣ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਚਾਰੇ ਨੌਜਵਾਨ 18 ਤੋਂ 20 ਸਾਲ ਦੀ ਉਮਰ ਦੇ ਹਨ।

ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਐਤਵਾਰ ਨੂੰ ਦੁਪਹਿਰ 4 ਵਜੇ ਦੇ ਲਗਭਗ ਛੁੱਟੀ ਮਨਾਉਣ ਲਈ ਨਹਾਉਣ ਵਾਸਤੇ ਇਥੇ ਆਏ ਸਨ। ਉਹ ਇਥੇ ਆਪਣੇ ਮੋਟਰਸਾਈਕਲ ਖੜੇ ਕਰਕੇ ਨਹਾਉਣ ਲਈ ਦਰਿਆ ਵਿੱਚ ਚਲੇ ਗਏ। ਜਦੋਂ ਇਹ ਡੂੰਘੇ ਪਾਣੀ ਵਿੱਚ ਉਤਰੇ ਤਾਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ ਆਸ ਪਾਸ ਬੈਠੇ ਲੋਕਾਂ ਨੇ ਨੌਜਵਾਨਾਂ ਦਾ ਰੋਲਾ ਸੁਣ ਕੇ 2 ਨੌਜਵਾਨਾਂ ਨੂੰ ਤਾਂ ਬਾਹਰ ਕੱਢ ਲਿਆ, ਪਰ 4 ਨੌਜਵਾਨ ਤੇਜ਼ ਵਹਾਅ ਵਿੱਚ ਵਹਿ ਗਏ।

ਇਸੇ ਤਰ੍ਹਾਂ ਇੱਕ ਹੋਰ ਗਰੁੱਪ ਦੇ ਨੌਜਵਾਨ ਦੇ ਡੁੱਬਣ ਬਾਰੇ ਵੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਡੁੱਬੇ ਨੌਜਵਾਨਾਂ ਦੀ ਗਿਣਤੀ 5 ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਗੋਤਾਖੋਰਾਂ ਦੀਆਂ ਟੀਮਾਂ ਨਾਲ ਡੁੱਬੇ 5 ਨੌਜਵਾਨਾਂ ਦੀ ਭਾਲ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Related Post