Ludhiana Encounter: ਲੁਧਿਆਣਾ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁੱਠਭੇੜ, ਦੋ ਦੀ ਮੌਤ, ਇੱਕ ਏਐਸਆਈ ਜ਼ਖ਼ਮੀ
Ludhiana Encounter: ਲੁਧਿਆਣਾ 'ਚ ਬੁੱਧਵਾਰ ਨੂੰ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ 'ਚ ਭਗੌੜੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿੱਚ ਦੋਵੇਂ ਗੈਂਗਸਟਰ ਮਾਰੇ ਗਏ। ਇਸ ਤੋਂ ਇਲਾਵਾ ਮੁਕਾਬਲੇ ਵਿੱਚ ਏਐਸਆਈ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ ਸੰਜੂ ਬ੍ਰਾਹਮਣ ਅਤੇ ਸ਼ੁਭਮ ਗੋਪੀ ਵਜੋਂ ਹੋਈ ਹੈ।
ਇਹ ਮੁਕਾਬਲਾ ਸ਼ਾਮ 5.50 ਵਜੇ ਲੁਧਿਆਣਾ ਦੇ ਦੋਰਾਹਾ ਨੇੜੇ ਹੋਇਆ। ਇਸ ਸਬੰਧੀ ਸੂਚਨਾ ਮਿਲਣ ’ਤੇ ਲੁਧਿਆਣਾ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਮੌਕੇ ’ਤੇ ਪੁੱਜੇ।
ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਕਾਰੋਬਾਰੀ ਸੰਭਵ ਜੈਨ ਦੇ ਕੇਸ ਵਿੱਚ ਲੋੜੀਂਦੇ ਸਨ। ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ ਸੀਆਈਏ ਦੀ ਟੀਮ ਸੰਜੂ ਅਤੇ ਗੋਪੀ ਦਾ ਪਿੱਛਾ ਕਰ ਰਹੀ ਸੀ। ਕਰਾਸ ਫਾਇਰਿੰਗ ਵਿੱਚ ਦੋਵਾਂ ਨੂੰ ਗੋਲੀਆਂ ਲੱਗੀਆਂ ਅਤੇ ਇੱਕ ਏਐਸਆਈ ਨੂੰ ਵੀ ਗੋਲੀ ਲੱਗੀ। ਇਨ੍ਹਾਂ ਬਦਮਾਸ਼ਾਂ ਦਾ ਕਾਫ਼ੀ ਅਪਰਾਧਿਕ ਰਿਕਾਰਡ ਹੈ।
17 ਨਵੰਬਰ ਨੂੰ ਰਾਤ ਕਰੀਬ 8.30 ਵਜੇ ਕੱਪੜਾ ਕਾਰੋਬਾਰੀ ਸੰਭਵ ਜੈਨ ਆਪਣੀ ਕਾਰ ਵਿਚ ਫੈਕਟਰੀ ਤੋਂ ਨੂਰਵਾਲਾ ਲੱਡੂ ਕਲੋਨੀ ਸਥਿਤ ਆਪਣੇ ਘਰ ਲਈ ਰਵਾਨਾ ਹੋਇਆ। ਫੈਕਟਰੀ ਤੋਂ ਕਰੀਬ 700 ਮੀਟਰ ਦੂਰ ਬਾਈਕ ਸਵਾਰ ਵਿਅਕਤੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਕਾਰ ਦੇ ਅੱਗੇ ਡਿੱਗ ਗਿਆ ਅਤੇ ਜ਼ਖਮੀ ਹੋਣ ਦਾ ਬਹਾਨਾ ਲਗਾਉਣ ਲੱਗਾ।
ਜਿਵੇਂ ਹੀ ਸੰਭਵ ਜੈਨ ਉਸ ਦੀ ਮਦਦ ਲਈ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਸੜਕ ਕਿਨਾਰੇ ਝਾੜੀਆਂ ਵਿੱਚ ਲੁਕੇ 4-5 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਲੜਾਈ ਤੋਂ ਬਾਅਦ ਸੰਭਵ ਜੈਨ ਨੂੰ ਉਸ ਦੀ ਹੀ ਕਾਰ ਵਿੱਚ ਅਗਵਾ ਕਰ ਲਿਆ ਗਿਆ। ਸੰਭਵ ਜੈਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ।