Ludhiana Buddha Nullah: ਕਾਲਾ ਪਾਣੀ ਮੋਰਚਾ ਦੇ ਸਮਰਥਕਾਂ ਨੇ ਫਿਰੋਜ਼ਪੁਰ ਰੋਡ ਤੋਂ ਚੁੱਕਿਆ ਧਰਨਾ

Punjab News: ਲੁਧਿਆਣਾ ਵਿੱਚ ਬੁੱਢਾ ਨਾਲਾ ਧਰਨੇ ਨੂੰ ਲੈ ਕੇ ਅੱਜ ਦਿਨ ਭਰ ਸ਼ਹਿਰ ਵਿੱਚ ਮਾਹੌਲ ਗਰਮਾਇਆ ਰਿਹਾ। ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਨਜ਼ਰਬੰਦੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।

By  Amritpal Singh December 3rd 2024 08:51 PM -- Updated: December 3rd 2024 08:52 PM

Punjab News: ਲੁਧਿਆਣਾ ਵਿੱਚ ਬੁੱਢਾ ਨਾਲਾ ਧਰਨੇ ਨੂੰ ਲੈ ਕੇ ਅੱਜ ਦਿਨ ਭਰ ਸ਼ਹਿਰ ਵਿੱਚ ਮਾਹੌਲ ਗਰਮਾਇਆ ਰਿਹਾ। ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਨਜ਼ਰਬੰਦੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ ਰੋਡ, ਵੇਰਕਾ ਚੌਕ ’ਤੇ ਦਿਨ ਭਰ ਹੰਗਾਮਾ ਕੀਤਾ, ਸੜਕ ’ਤੇ ਜਾਮ ਲਗਾ ਕੇ ਧਰਨਾ ਦਿੱਤਾ। ਇਸ ਝੜਪ ਦੌਰਾਨ ਸੀਆਈਏ ਇੰਚਾਰਜ ਵੀ ਜ਼ਖ਼ਮੀ ਹੋ ਗਿਆ।

ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਿੰਨੋਂ ਸੀਈਟੀਪੀ ਪਲਾਂਟ 7 ਦਿਨਾਂ ਦੇ ਅੰਦਰ ਬੰਦ ਕਰਨ ਦਾ ਸਮਝੌਤਾ ਹੋਇਆ। ਇਸ ਤੋਂ ਪਹਿਲਾਂ ਹਿਰਾਸਤ ਵਿੱਚ ਲਏ ਗਏ ਪੁਲੀਸ ਅਧਿਕਾਰੀਆਂ ਨੇ ਲੱਖਾ ਸਿਧਾਣਾ ਨੂੰ ਆਪਣੇ ਮੋਬਾਈਲ ’ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਵਾਈ। ਰਾਤ 8:15 ਵਜੇ ਤੋਂ ਬਾਅਦ ਲੱਖਾ ਸਿਧਾਣਾ ਧਰਨਾਕਾਰੀਆਂ ਵਿਚਕਾਰ ਪੁੱਜੇ ਅਤੇ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਮਗਰੋਂ ਵੇਰਕਾ ਚੌਕ ’ਤੇ ਲੱਗੇ ਜਾਮ ਨੂੰ ਹਟਾ ਦਿੱਤਾ ਗਿਆ। ਧਰਨਾ ਖਤਮ ਹੋਣ ਤੋਂ ਬਾਅਦ ਜਾਮ ਵਿੱਚ ਫਸੇ ਵਾਹਨਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਭਾਵੇਂ ਲੱਖਾ ਸਿਧਾਣਾ ਅਜੇ ਤੱਕ ਵੇਰਕਾ ਚੌਕ ਨਹੀਂ ਪੁੱਜਿਆ ਪਰ ਉਸ ਦੀ ਉਡੀਕ ਕੀਤੀ ਜਾ ਰਹੀ ਹੈ।

ਬੁੱਢਾ ਨਾਲਾ ਬੰਦ ਕਰਨ ਦਾ ਐਲਾਨ ਕਰਨ ਵਾਲੇ ਲੱਖਾ ਸਿਧਾਣਾ ਅਤੇ ਉਸ ਦੇ ਕਈ ਸਾਥੀਆਂ ਨੂੰ ਪੁਲਿਸ ਨੇ ਸਵੇਰੇ ਹੀ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਨ 'ਚ ਆਏ ਹਜ਼ਾਰਾਂ ਪ੍ਰਦਰਸ਼ਨਕਾਰੀਆਂ 'ਚ ਗੁੱਸਾ ਫੈਲ ਗਿਆ। ਜਿਸ ਤੋਂ ਬਾਅਦ ਜਦੋਂ ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੱਥੋਪਾਈ ਹੋ ਗਈ।

ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਦੌਰਾਨ ਸੀਆਈਏ 3 ਦੇ ਇੰਚਾਰਜ ਨਵਦੀਪ ਦੇ ਸਿਰ ’ਤੇ ਸੱਟ ਲੱਗ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਵੀ ਤੋੜ ਦਿੱਤੇ।

ਦੱਸ ਦੇਈਏ ਕਿ ਲੱਖਾ ਸਿਧਾਣਾ ਨੇ ਕੁਝ ਦਿਨ ਪਹਿਲਾਂ ਬੁੱਢਾ ਨਾਲਾ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਪ੍ਰਦਰਸ਼ਨ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਅੱਜ ਲੁਧਿਆਣਾ ਸ਼ਹਿਰ ਵਿੱਚ ਦੋ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਹਿਰ ਵਿੱਚ ਗਸ਼ਤ ਕਰ ਰਹੇ ਸਨ।

ਦੁਪਹਿਰ ਬਾਅਦ ਮਾਮਲਾ ਉਦੋਂ ਗਰਮਾ ਗਿਆ ਜਦੋਂ ਪੁਲਿਸ ਨੇ ਦੋ ਸੌ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਚਾਰ-ਪੱਧਰੀ ਸੁਰੱਖਿਆ ਘੇਰਾ ਤੋੜ ਦਿੱਤਾ। ਸਥਿਤੀ ਵਿਗੜਦੀ ਦੇਖ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ, ਡੀਸੀਪੀ ਸ਼ੁਭਮ ਅਗਰਵਾਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ।

Related Post