PAU ਲੁਧਿਆਣਾ ਕੀ ਪਰਾਲੀ ਨੂੰ ਅੱਗ ਲਾਉਣ ਦੀ ਸਿਫ਼ਾਰਸ਼ ਕਰਦੀ ਹੈ ? ਜਾਣੋ ਯੂਨੀਵਰਸਿਟੀ ਮਾਹਰਾਂ ਦਾ ਕੀ ਹੈ ਕਹਿਣਾ
PAU Ludhiana : ਯੂਨੀਵਰਸਿਟੀ ਮਾਹਰਾਂ ਡਾਕਟਰ ਤਜਿੰਦਰ ਪਾਲ ਸਿੰਘ ਰਿਆੜ ਅਤੇ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਜਿਹੜੀ ਇਸ ਸੰਸਥਾ ਦੇ ਜ਼ਰੀਏ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹਨ, ਉਹ ਸਰਾਸਰ ਗਲਤ ਹਨ।
PAU Ludhiana : ਕੀ ਪਰਾਲੀ ਸਾੜਨੀ ਚਾਹੀਦੀ ਹੈ ਜਾਂ ਨਹੀਂ? ਪੰਜਾਬ ਵਿੱਚ ਪਰਾਲੀ ਨਾ ਸਾੜਨ ਨੂੰ ਲੈ ਕੇ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ, ਪਰ ਕੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਸਲਾਹ ਦਿੰਦੀ ਹੈ? ਇਹ ਇੱਕ ਅਜਿਹਾ ਸਵਾਲ ਹੈ, ਜਿਹੜਾ ਇਸ ਸਮੇਂ ਭਖਿਆ ਹੋਇਆ ਹੈ। ਪਰਾਲੀ ਸਾੜਨ ਦੇ ਇਸ ਮਾਮਲੇ ਨੂੰ ਲੈ ਕੇ ਇੱਕ ਐਨਜੀਓ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (NGT) ਨੂੰ ਲਿਖਿਆ ਹੈ ਕਿ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੁਦ ਮਾਹਰ ਪਰਾਲੀ ਸਾੜਨ ਦੀ ਸਿਫਾਰਿਸ਼ ਕਰਦੇ ਹਨ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਹੈ। ਹੁਣ ਇਸ ਮਾਮਲੇ 'ਚ ਲੁਧਿਆਣਾ ਖੇਤੀਬਾੜੀ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ।
ਅਰਜ਼ੀ 'ਚ ਕੀ ਲਿਖਿਆ ਗਿਆ
ਦੱਸ ਦਈਏ ਕਿ TOI ਦੀ ਰਿਪੋਰਟ ਅਨੁਸਾਰ, ਫਗਵਾੜਾ ਸਥਿਤ ਸੰਪੂਰਨ ਖੇਤੀ ਪੂਰਨ ਰੋਜ਼ਗਾਰ, ਖੇਤੀਬਾੜੀ ਦੇ ਕੁਦਰਤੀਕਰਨ ਲਈ ਕੰਮ ਕਰਦੇ ਹੋਏ ਇਸ ਨੂੰ ਟਿਕਾਊ ਬਣਾਉਣ ਲਈ ਅਗਾਂਹਵਧੂ ਕਿਸਾਨ ਅਵਤਾਰ ਸਿੰਘ, ਜੋ ਕਿ ਖੇਤੀ ਤਕਨੀਕਾਂ 'ਤੇ ਖੋਜ ਕਰ ਰਹੇ ਹਨ ਅਤੇ ਗਿਆਨ ਸੇਵਾ ਟਰੱਸਟ ਨੇ ਐਨਜੀਟੀ ਨੂੰ ਆਪਣੀ ਅਰਜ਼ੀ ਵਿੱਚ ਦਲੀਲ ਦਿੱਤੀ ਹੈ ਕਿ ਲਗਭਗ 20 ਸਾਲ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਖੇਤੀ ਮਾਹਿਰ ਸੰਸਥਾਵਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸਲਾਹ ਦਿੱਤੀ ਸੀ, ਕਿਉਂਕਿ ਇਸ ਬਿਮਾਰੀ ਕਾਰਨ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ 2012 ਵਿੱਚ ਜਾਰੀ ਪੀਏਯੂ ਦੇ "ਪ੍ਰੈਕਟਿਸ ਮੈਨੂਅਲ" ਦੀ ਇੱਕ ਕਾਪੀ ਵੀ ਨੱਥੀ ਕੀਤੀ ਹੈ।
ਯੂਨੀਵਰਸਿਟੀ ਮਾਹਰਾਂ ਨੇ ਕੀਤਾ ਇਹ ਦਾਅਵਾ
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਕਦੀ ਵੀ ਇਹ ਸਿਫਾਰਿਸ਼ ਕੀਤੀ ਨਹੀਂ ਗਈ ਕਿ ਪਰਾਲੀ ਨੂੰ ਕਿਸਾਨ ਅੱਗ ਲਾਉਣ। ਯੂਨੀਵਰਸਿਟੀ ਮਾਹਰਾਂ ਡਾਕਟਰ ਤੇਜਿੰਦਰਪਾਲ ਪਾਲ ਸਿੰਘ ਰਿਆੜ ਅਤੇ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਜਿਹੜੀ ਇਸ ਸੰਸਥਾ ਦੇ ਜ਼ਰੀਏ ਖਬਰਾਂ ਲੱਗੀਆਂ ਹਨ, ਉਹ ਸਰਾਸਰ ਗਲਤ ਹਨ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ, ਕਿਉਂਕਿ ਸੰਸਥਾ ਵੱਲੋਂ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਤੋਂ ਪਹਿਲਾਂ ਯੂਨੀਵਰਸਿਟੀ ਨਾਲ ਕੋਈ ਰਾਬਤਾ ਹੀ ਨਹੀਂ ਬਣਾਇਆ ਗਿਆ ਅਤੇ ਨਾ ਉਨ੍ਹਾਂ ਦੇ ਕੋਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਕਦੇ ਵੀ ਇਹ ਸਿਫਾਰਿਸ਼ ਨਹੀਂ ਕਰਦੇ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ। ਉਨ੍ਹਾਂ ਕਿਹਾ ਕਿ ਪਰਾਲੀ ਪੰਜਾਬ ਨੂੰ ਪ੍ਰਦੂਸ਼ਿਤ ਕਰਦੀ ਹੈ ਅਤੇ ਸਾੜਨ ਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਤੇਜਿੰਦਰ ਪਾਲ ਸਿੰਘ ਰਿਆੜ ਨੇ ਆਖਿਆ ਹੈ ਕਿ ਉਹ ਉਸ ਐਨਜੀਓ ਅਤੇ ਪਰਾਲੀ ਸਾੜਨ ਦੀਆਂ ਲੱਗੀਆਂ ਖਬਰਾਂ ਨੂੰ ਲੈ ਕੇ ਉਹ ਕਾਰਵਾਈ ਕਰਨਗੇ।