LPG ਸਿਲੰਡਰ ਚ ਜ਼ਬਰਦਸਤ ਧਮਾਕਾ, 3 ਨਾਬਾਲਿਗ ਬੱਚੀਆਂ ਸਮੇਤ 5 ਲੋਕਾਂ ਦੀ ਹੋਈ ਮੌਤ

ਪੀਟੀਸੀ ਨਿਊਜ਼ ਡੈਸਕ: ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਕਾਕੋਰੀ ਇਲਾਕੇ 'ਚ ਇੱਕ ਘਰ ਅੰਦਰ ਘਰੇਲੂ ਗੈਸ ਸਿਲੰਡਰ ਫੱਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕੇ ਵਿੱਚ 3 ਨਾਬਾਲਿਗ ਬੱਚੀਆਂ ਸਮੇਤ 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਦਕਿ ਚਾਰ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਟ੍ਰਾਮ ਸੈਂਟਰ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਧਮਾਕੇ 'ਚ ਜ਼ਰਦੋਜ਼ੀ ਕਾਰੀਗਰ ਮੁਸ਼ੀਰ ਅਲੀ, ਉਸ ਦੀ ਪਤਨੀ ਹੁਸਨਾ ਬਾਨੋ, ਨਾਬਾਲਿਗ ਭਾਣਜੀਆਂ ਹੁਮਾ, ਹਿਬਾ ਅਤੇ ਭਤੀਜੀ ਰਈਆ ਦੀ ਮੌਤ ਹੋ ਗਈ। ਹਾਦਸੇ 'ਚ ਮੁਸ਼ੀਰ ਦੀਆਂ ਦੋ ਧੀਆਂ, ਇਕ ਭਤੀਜੀ ਅਤੇ ਜੀਜਾ ਅਜਮਤ ਜ਼ਖਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਘਰ ਢਹਿ ਗਿਆ ਅਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੁਸ਼ੀਰ ਕੋਲ ਪਟਾਕੇ ਚਲਾਉਣ ਦਾ ਲਾਇਸੈਂਸ ਵੀ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਕੁਝ ਬਚੇ ਹੋਏ ਪਟਾਕੇ ਵੀ ਮੁਸ਼ੀਰ ਦੇ ਕਮਰੇ ਵਿੱਚ ਰੱਖੇ ਹੋਏ ਸਨ।
ਘਰ ਵਿੱਚ 'ਚ ਮਨਾਇਆ ਜਾ ਰਿਹਾ ਸੀ ਖੁਸ਼ੀ ਦਾ ਸਮਾਗਮ
ਹਾਲਾਂਕਿ ਘਰ ਦੇ ਹੋਰ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਅੱਗ ਸ਼ਾਰਟ ਸਰਕਟ (Short Circuit) ਕਾਰਨ ਲੱਗੀ, ਫਿਰ ਸਿਲੰਡਰ 'ਚ ਧਮਾਕਾ (Cylinder Blast) ਹੋਇਆ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਮੰਗਲਵਾਰ ਨੂੰ ਮ੍ਰਿਤਕ ਮੁਸ਼ੀਰ ਦੀ ਵਿਆਹ ਦੀ ਵਰ੍ਹੇਗੰਢ ਸੀ। ਇਸ ਵਿੱਚ ਹਿੱਸਾ ਲੈਣ ਲਈ ਭੈਣ-ਭਰਾ ਦਾ ਪਰਿਵਾਰ ਵੀ ਪਹੁੰਚਿਆ ਹੋਇਆ ਸੀ।
ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।