'ਆਪ' ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਲੰਬੀ ਦੇ ਲੋਕਾਂ ਨੂੰ ਕੀਤੀ ਅਪੀਲ
ਸੁਖਬੀਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਦੇ ਵਿਕਾਸ ਵਾਸਤੇ ਆਪਣੀ ਪੂਰੀ ਵਾਹ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਮਿਹਨਤ ਕੀਤੀ ਤੇ ਹਲਕੇ ਵਿਚ ਏਮਜ਼ ਤੇ ਕੇਂਦਰੀ ਯੂਨੀਵਰਸਿਟੀ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਲਿਆਂਦੀਆਂ।
ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਬਠਿੰਡਾ ਪਾਰਲੀਮਾਨੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਘੋਖ ਕਰਨ ਕਿ ਕਿਸ ਪਾਰਟੀ ਨੇ ਉਨ੍ਹਾਂ ਨੂੰ ਕੀ ਦਿੱਤਾ ਤੇ ਫਿਰ ਉਸੇ ਪਾਰਟੀ ਨੂੰ ਵੋਟਾਂ ਪਾਉਣ ਤਾਂ ਜੋ ਉਸ ਨਾਲ ਨਿਆਂ ਕੀਤਾ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਸ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਤੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕੀਤਾ, ਨੂੰ ਹਰ ਪੜਾਅ ’ਤੇ ਭਰਵਾਂ ਹੁੰਗਾਰਾ ਮਿਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਦੇ ਵਿਕਾਸ ਵਾਸਤੇ ਆਪਣੀ ਪੂਰੀ ਵਾਹ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਮਿਹਨਤ ਕੀਤੀ ਤੇ ਹਲਕੇ ਵਿਚ ਏਮਜ਼ ਤੇ ਕੇਂਦਰੀ ਯੂਨੀਵਰਸਿਟੀ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਲਿਆਂਦੀਆਂ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਬਠਿੰਡਾ ਵਾਸਤੇ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਪੂਰੇ ਪੰਜ ਸਾਲ ਬਠਿੰਡਾ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਦੇ ਰਾਜ ਵਿਚ ਹਾਲਾਤ ਹੋਰ ਵੀ ਮਾੜੇ ਹਨ। ਉਨ੍ਹਾਂ ਕਿਹਾ ਕਿ ਗਰੀਬ ਮੁਸੀਬਤਾਂ ਝੱਲ ਰਹੇ ਹਨ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ ਅਤੇ ਲੜਕੀਆਂ ਲਈ ਮੁਫਤ ਸਾਈਕਲ ਵਰਗੀਆਂ ਸਕੀਮਾਂ ਤਾਂ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀਆਂ ਗਈਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੇਖਣ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਕਿਵੇਂ ਹੱਲ ਹੁੰਦੀਆਂ ਹਨ। ਸਰਦਾਰ ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਰਾਹੀਂ ਉਨ੍ਹਾਂ ਦੇ ਦਰਾਂ ’ਤੇ ਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਸਨ ਤੇ ਪਿੰਡਾਂ ਨੂੰ ਗਰਾਂਟਾਂ ਦਿੰਦੇ ਸਨ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਮੌਕੇ ’ਤੇ ਹੱਲ ਕਰ ਦਿੰਦੇ ਸਨ। ਆਮ ਆਦਮੀ ਪਾਰਟੀ (ਆਪ) ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਤੁਹਾਡੇ ਨੇੜੇ ਨਹੀਂ ਆਏ। ਉਨ੍ਹਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਤੁਸੀਂ ਵੋਟਾਂ ਰਾਹੀਂ ਇਸ ਪੰਜਾਬ ਵਿਰੋਧੀ ਤੇ ਗਰੀਬ ਵਿਰੋਧੀ ਪਾਰਟੀ ਨੂੰ ਕਰਾਰਾ ਸਬਕ ਸਿਖਾਓ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ, ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਨਾਲ-ਨਾਲ ਕਾਂਗਰਸ ਤੇ ਭਾਜਪਾ ਤਾਂ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਵੇਚਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਨੂੰ ਮਜਬੂਰ ਕਰ ਰਹੇ ਹਨ ਕਿ ਉਹ ਜਾਅਲੀ ਐਂਟਰੀਆਂ ਪਾ ਕੇ ਇਹ ਵਿਖਾਉਣ ਕਿ ਸਮੁੱਚੇ ਪੰਜਾਬ ਵਿਚ ਖੇਤੀ ਲਈ ਨਹਿਰੀ ਪਾਣੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਸੁਪਰੀਮ ਕੋਰਟ ਵਿਚ ਸੌਂਪ ਕੇ ਐਸ ਵਾਈ ਐਲ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਪੰਜਾਬ ਵਿਰੋਧੀ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦੇਵੇਗਾ।
ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਪੰਜਾਬ ਦੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਸੰਘਰਸ਼ ਕਰ ਰਿਹਾ ਹੈ ਅਤੇ ਸਿੱਖ ਕੌਮ ਦੇ ਸਾਰੇ ਮਸਲਿਆਂ ਦੇ ਹੱਲ ਵਾਸਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਆਧਾਰਿਤ ਪਾਰਟੀਆਂ ਜਿਹਨਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ ਦਾ ਵਿਰੋਧ ਕਰਨ ਲਈ ਵਚਨਬੱਧ ਹਾਂ, ਤਾਂ ਜੋ ਤੁਹਾਡੀ ਮਦਦ ਨਾਲ ਪੰਜਾਬ ਵਿਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ਤੇ ਇਸ ਵਾਸਤੇ ਜ਼ਰੂਰੀ ਹੈ ਕਿ ਮੌਜੂਦਾ ਪਾਰਲੀਮਾਨੀ ਚੋਣਾਂ ਵਿਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ।