Lok sabha election 2024: ਪੰਜਾਬ 'ਚ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਦੀ ਪਹਿਰੇ 'ਚ ਹੋਵੇਗੀ ਵੋਟਿੰਗ
ਆਗਾਮੀ ਲੋਕ ਸਭਾ ਚੋਣਾਂ 'ਚ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸਰਹੱਦੀ ਸੂਬੇ ਪੰਜਾਬ ਵਿੱਚ 80 ਫੀਸਦੀ ਪੁਲਿਸ ਬਲ ਅਤੇ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 250 ਹੋਰ ਕੰਪਨੀਆਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
Lok sabha election 2024: ਆਗਾਮੀ ਲੋਕ ਸਭਾ ਚੋਣਾਂ 'ਚ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸਰਹੱਦੀ ਸੂਬੇ ਪੰਜਾਬ ਵਿੱਚ 80 ਫੀਸਦੀ ਪੁਲਿਸ ਬਲ ਅਤੇ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 250 ਹੋਰ ਕੰਪਨੀਆਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹਿਲਾਂ ਹੀ ਤਾਇਨਾਤ ਹਨ। ਇਹ ਜਾਣਕਾਰੀ ਪੁਲਿਸ ਕਾਨੂੰਨ ਅਤੇ ਵਿਵਸਥਾ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਅਰਪਿਤ ਸ਼ੁਕਲਾ ਨੇ ਬੁੱਧਵਾਰ ਨੂੰ ਦਿੱਤੀ।
ਸਪੈਸ਼ਲ ਡੀਜੀਪੀ ਬੁੱਧਵਾਰ ਨੂੰ ਅੰਮ੍ਰਿਤਸਰ ਅਤੇ ਜਲੰਧਰ ਦੇ ਦੌਰੇ 'ਤੇ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਦੀਆਂ ਤਿਆਰੀਆਂ ਅਤੇ ਇਸ ਨਾਲ ਸਬੰਧਤ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੋਵਾਂ ਸਰਹੱਦੀ ਰੇਂਜਾਂ ਦੇ ਆਈਜੀਪੀ, ਡੀਆਈਜੀ, ਸੀਪੀ ਅਤੇ ਐਸਐਸਪੀ ਨਾਲ ਰੇਂਜ ਪੱਧਰੀ ਮੀਟਿੰਗਾਂ ਕੀਤੀਆਂ। ਅੰਮ੍ਰਿਤਸਰ ਮੀਟਿੰਗ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ (ਡੀਆਈਜੀ) ਬਾਰਡਰ ਰੇਂਜ ਰਾਕੇਸ਼ ਕੁਮਾਰ ਅਤੇ ਪੁਲੀਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ, ਜਦੋਂ ਕਿ ਜਲੰਧਰ ਰੇਂਜ ਦੀ ਮੀਟਿੰਗ ਵਿੱਚ ਇੰਸਪੈਕਟਰ ਜਨਰਲ ਆਫ ਪੁਲੀਸ (ਆਈਜੀਪੀ) ਐਸ. ਬੁਪਾਠੀ ਅਤੇ ਸੀ.ਪੀ. ਜਲੰਧਰ ਸਵਪਨ ਸ਼ਰਮਾ ਹਾਜ਼ਰ ਸਨ।
ਸੂਬੇ ਵਿੱਚ ਸਕਾਰਾਤਮਕ ਮਾਹੌਲ ਸਿਰਜਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਅਰਪਿਤ ਸ਼ੁਕਲਾ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਕਰਨ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਾ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਵਿੱਚ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਸੂਬੇ ਵਿੱਚ ਦਾਖਲ ਹੋਣ ਅਤੇ ਜਾਣ ਵਾਲੇ ਵਾਹਨਾਂ ਖਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਤੇਜ਼ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਘਿਨਾਉਣੇ ਅਪਰਾਧਾਂ, ਨਸ਼ਾ ਤਸਕਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ। ਨਾਲ ਹੀ, ਵੋਟਿੰਗ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ਵਿੱਚ ਜਾਂਚ ਅਤੇ ਮੁਕੱਦਮੇ ਦੀ ਕਾਰਵਾਈ ਨੂੰ ਤੇਜ਼ ਕੀਤਾ ਜਾਵੇ।
ਦੱਸ ਦੇਈਏ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ 5.45 ਕਰੋੜ ਰੁਪਏ ਦੀ ਨਕਦੀ, 11.49 ਲੱਖ ਲੀਟਰ ਸ਼ਰਾਬ ਅਤੇ 99.62 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਸਪੈਸ਼ਲ ਡੀਜੀਪੀ ਨੇ ਅਧਿਕਾਰੀਆਂ ਨੂੰ ਜਨਰਲ ਪੋਲਿੰਗ ਬੂਥਾਂ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਫੋਰਸਾਂ ਦੀ ਤਾਇਨਾਤੀ ਨਾਲ ਸਬੰਧਤ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਨਿਯਮਾਂ ਬਾਰੇ ਵੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ।