Bandi Chhor Divas ਮੌਕੇ 1 ਨਵੰਬਰ ਨੂੰ ਨਹੀਂ ਕੀਤੀ ਜਾਵੇਗੀ ਲੜੀਆਂ ਦੀ ਸਜਾਵਟ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦਿੱਤਾ ਆਦੇਸ਼

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਬੰਦੀਛੋੜ ਦਿਵਸ ਮੌਕੇ ਸਿਰਫ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਬਿਜਲਈ ਸਜਾਵਟ ਕੀਤੀ ਜਾਵੇਗੀ।

By  Amritpal Singh October 29th 2024 05:13 PM -- Updated: October 29th 2024 05:23 PM

Punjab News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸਿੱਖ ਕੌਮ ਨੂੰ ਆਦੇਸ਼ ਕੀਤਾ ਹੈ ਕਿ ਇਕ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਕੇਵਲ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਬਿਜਲਈ ਸਜਾਵਟਾਂ ਨਾ ਕੀਤੀਆਂ ਜਾਣ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 1 ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ 110 ਸ਼ਹਿਰਾਂ ਵਿਚ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਾਂਗਰਸ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਸਿੱਖ ਨਸਲਕੁਸ਼ੀ ਸੀ। ਉਨ੍ਹਾਂ ਕਿਹਾ ਕਿ 1 ਨਵੰਬਰ 2024 ਨੂੰ ਸਿੱਖ ਨਸਲਕੁਸ਼ੀ ਦੇ 40 ਵਰ੍ਹੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਦੌਰਾਨ ਸਿੱਖਾਂ ਨੇ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਆਪਣੇ ਨਰਸੰਹਾਰ ਦੇ ਬਹੁਪੱਖੀ ਪ੍ਰਭਾਵਾਂ ਵਿਚੋਂ ਉਭਰਦਿਆਂ ਆਪਣੇ ਕੌਮੀ ਬਿਰਤਾਂਤ ਨੂੰ ਮੁੜ ਸਥਾਪਿਤ ਕਰਨ ਲਈ ਜਿਹੜਾ ਸੰਘਰਸ਼ਸ਼ੀਲ ਪੈਂਡਾ ਤਹਿ ਕੀਤਾ ਹੈ, ਉਹ ਵੀ ਅਦੁੱਤੀ ਅਤੇ ਲਾ-ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਵੰਬਰ ‘84 ਇਕ ਐਸਾ ਨਾਸੂਰ ਹੈ ਜੋ ਰਹਿੰਦੀ ਦੁਨੀਆ ਤੱਕ ਸਿੱਖ ਮਾਨਸਿਕਤਾ ਵਿਚ ਤਾਜ਼ਾ ਰਹੇਗਾ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਮਦ ਦੀ ਯਾਦ ਵਿਚ ਬੰਦੀਛੋੜ ਦਿਵਸ ਵੀ ਹੈ। 

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਬੰਦੀਛੋੜ ਦਿਵਸ ਮੌਕੇ ਸਿਰਫ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਬਿਜਲਈ ਸਜਾਵਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ਵ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਇਕ ਨਵੰਬਰ ਵਾਲੇ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ਵਿਚ ਬੰਦੀਛੋੜ ਦਿਵਸ ਮਨਾਉਂਦਿਆਂ ਗੁਰਦੁਆਰਾ ਸਾਹਿਬਾਨ ਅਤੇ ਘਰਾਂ ਵਿਚ ਸਿਰਫ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਕਿਸੇ ਤਰ੍ਹਾਂ ਦੀ ਬਿਜਲਈ ਸਜਾਵਟ ਨਾ ਕੀਤੀ ਜਾਵੇ।

Related Post