Moosewala Murder: ਮੂਸੇਵਾਲੇ ਨੂੰ ਮਾਰਨ ਲਈ ਗੈਂਗਸਟਰਾਂ ਨੂੰ ਅਯੁੱਧਿਆ ਤੋਂ ਮਿਲੀ ਹਥਿਆਰਾਂ ਦੀ ਟ੍ਰੇਨਿੰਗ
ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬੀ ਗਾਇਕ ਨੂੰ ਮਾਰਨ ਦੀ ਸਾਰੀ ਸਾਜ਼ਿਸ਼ ਉੱਤਰ ਪ੍ਰਦੇਸ਼ ਵਿੱਚ ਬੈਠ ਕੇ ਰਚੀ ਗਈ ਸੀ। ਇੰਨਾ ਹੀ ਨਹੀਂ ਕਤਲੇਆਮ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਨਊ-ਅਯੁੱਧਿਆ 'ਚ ਘੁੰਮਦੇ ਦੇਖੇ ਗਏ ਸਨ। ਤਸਵੀਰ ਵਿੱਚ ਬਿਸ਼ਨੋਈ ਗੈਂਗ ਦੇ ਸ਼ੂਟਰ ਸਚਿਨ ਭਿਵਾਨੀ, ਕਪਿਲ ਪੰਡਿਤ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ।
ਕੌਮੀ ਮੀਡੀਆ ਰਿਪੋਰਟਾਂ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਯੂ.ਪੀ. ਦੇ ਅਯੁੱਧਿਆ 'ਚ ਇਸ ਕਤਲ ਨੂੰ ਅੰਜਾਮ ਦੇਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਇਸ ਦੇ ਲਈ ਇਹ ਸ਼ੂਟਰ ਅਯੁੱਧਿਆ ਵਿੱਚ ਇੱਕ ਬਦਮਾਸ਼ ਦੇ ਫਾਰਮ ਹਾਊਸ ਵਿੱਚ ਰੁਕੇ ਸਨ। ਜਿੱਥੇ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਇਨ੍ਹਾਂ ਗੈਂਗਸਟਰਾਂ ਦੀਆਂ ਕੁਝ ਤਸਵੀਰਾਂ ਵੀ ਬੀਤੇ ਦਿਨ ਕੌਮੀ ਮੀਡੀਆ ਚੈਨਲਾਂ ਵੱਲੋਂ ਜਾਰੀ ਕੀਤੀ ਗਈ ਹੈ।
ਯੂ.ਪੀ. 'ਚ ਰਚੀ ਗਈ ਕਤਲ ਦੀ ਸਾਜ਼ਿਸ਼!
ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਯੂ.ਪੀ. ਕਨੈਕਸ਼ਨ ਦਾ ਵੱਡਾ ਖੁਲਾਸਾ ਕਈ ਤਸਵੀਰਾਂ ਤੋਂ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਸਿੱਧੂ ਮੂਸੇਵਾਲਾ ਦੇ ਕਤਲ 'ਚ ਕਿਹੜੇ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਉਹ ਵੀ ਸਾਫ ਦੇਖਿਆ ਜਾ ਸਕਦਾ ਹੈ। ਸ਼ੂਟਰਾਂ ਵੱਲੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਵਿਦੇਸ਼ੀ ਹਥਿਆਰਾਂ ਦਾ ਭੰਡਾਰ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿਚ ਇਕ ਆਧੁਨਿਕ ਪਿਸਤੌਲ ਵੀ ਹੈ, ਜੋ ਪਾਕਿਸਤਾਨ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਈ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਹਥਿਆਰ ਮਿਲਣ ਤੋਂ ਬਾਅਦ 7 ਸ਼ੂਟਰ ਅਯੁੱਧਿਆ ਪਹੁੰਚ ਗਏ ਸਨ। ਯੂ.ਪੀ ਤੱਕ ਦੀ ਰਿਪੋਰਟ ਮੁਤਾਬਕ ਇੱਥੇ ਉਹ ਸਥਾਨਕ ਆਗੂ ਵਿਕਾਸ ਸਿੰਘ ਦੇ ਫਾਰਮ ਹਾਊਸ ਵਿੱਚ ਲੁਕੇ ਰਹੇ। ਹੁਣ ਸੁਰੱਖਿਆ ਏਜੰਸੀਆਂ ਨੇ ਬਿਸ਼ਨੋਈ ਗੈਂਗ ਦੇ ਯੂ.ਪੀ. ਲਿੰਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਜਲਦੀ ਹੀ ਯੂ.ਪੀ. ਜਾ ਕੇ ਜਾਂਚ ਕਰ ਸਕਦੀ ਹੈ।
ਐੱਨ.ਡੀ.ਟੀ.ਵੀ ਦੀ ਰਿਪੋਰਟ ਮੁਤਾਬਕ ਜਾਂਚ ਏਜੰਸੀਆਂ ਹੁਣ ਬਿਸ਼ਨੋਈ ਗੈਂਗ ਦੇ ਉੱਤਰ ਪ੍ਰਦੇਸ਼ 'ਚ ਮੌਜੂਦ ਸਹਾਇਕਾਂ ਦੀ ਪਛਾਣ ਕਰਨ 'ਚ ਜੁਟੀਆਂ ਹੋਈਆਂ ਹਨ। ਅਜ਼ਰਬਾਈਜਾਨ ਤੋਂ ਫੜੇ ਗਏ ਸਚਿਨ ਥਾਪਨ ਨੂੰ ਲੈ ਕੇ ਦਿੱਲੀ ਪੁਲਿਸ ਜਲਦੀ ਹੀ ਅਯੁੱਧਿਆ ਜਾਵੇਗੀ।
ਸਾਹਮਣੇ ਆਈਆਂ ਫੋਟੋਆਂ
ਦੱਸ ਦੇਈਏ ਕਿ ਸਾਹਮਣੇ ਆਈਆਂ ਤਸਵੀਰਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਕੁਝ ਦਿਨ ਪਹਿਲਾਂ ਦੀਆਂ ਹਨ। ਸਚਿਨ ਥਾਪਨ ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜਿਸ਼ ਰਚੀ ਸੀ ਅਤੇ ਹਾਲ ਹੀ ਵਿੱਚ ਅਜ਼ਰਬਾਈਜਾਨ ਤੋਂ ਡਿਪੋਰਟ ਕੀਤਾ ਗਿਆ ਸੀ, ਵੀ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰ 'ਚ ਸਚਿਨ ਥਾਪਨ ਦੇ ਨਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਸਾਰੇ ਸ਼ੂਟਰ ਵੀ ਨਜ਼ਰ ਆ ਰਹੇ ਹਨ।