ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਮਜ਼ਦੂਰ ਪਿਤਾ ਦੀ ਇਨਸਾਫ ਲਈ ਫ਼ਰਿਆਦ
ਗਗਨਦੀਪ ਸਿੰਘ ਅਹੂਜਾ, (ਪਟਿਆਲਾ, 27 ਨਵੰਬਰ): ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਹੋਰਨਾਂ ਸਰਕਾਰਾਂ ਵਾਂਗ ਅਨੁਸੂਚਿਤ ਜਾਤੀਆਂ ਨਾਲ ਬੇਇਨਸਾਫ਼ੀ, ਅੱਤਿਆਚਾਰ, ਅਗਵਾ, ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਟਿਆਲਾ ਦੇ ਰਹਿਣ ਵਾਲੇ ਇੱਕ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰ ਦੀ ਇੱਕ ਮਾਸੂਮ ਨਾਬਾਲਿਗ ਲੜਕੀ ਨੂੰ ਪੁਲਿਸ ਵੱਲੋਂ ਅਜੇ ਤੱਕ ਇਨਸਾਫ਼ ਨਹੀਂ ਦਿੱਤਾ ਗਿਆ ਅਤੇ ਉਸ ਦਾ ਬੇਸਹਾਰਾ ਮਜ਼ਦੂਰ ਪਿਤਾ ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ, ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਪੁਲਿਸ ਪ੍ਰਸ਼ਾਸਨ ਦੇ ਇਸ ਰਵੱਈਏ ਦੀ ਨਿਖੇਧੀ ਕਰਦਾ ਹੈ।
ਪਰਮਜੀਤ ਸਿੰਘ ਕੈਂਥ ਦੀ ਅਗਵਾਈ ਵਿੱਚ ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਦਾ ਇੱਕ ਵਫ਼ਦ ਦਿੱਲੀ ਸਥਿਤ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮਿਲਿਆ ਅਤੇ ਇੱਕ ਪਟੀਸ਼ਨ ਦਾਇਰ ਕੀਤੀ ਗਈ। ਦਰਖਾਸਤ ਵਿੱਚ ਲਿਖਿਆ ਗਿਆ ਹੈ ਕਿ ਹਰਪਾਲ ਸਿੰਘ ਦੀ ਲੜਕੀ ਨੂੰ ਅਗਵਾ, ਬਲਾਤਕਾਰ ਅਤੇ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ, ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਅਜੇ ਤੱਕ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਅਨੁਸੂਚਿਤ ਜਾਤੀ ਅਨਿਆਂ ਅੱਤਿਆਚਾਰ ਰੋਕਣ ਐਕਟ ਅਤੇ ਪੋਕਸੋ ਐਕਟ ਨੂੰ ਵੀ ਨਹੀਂ ਲਗਾਇਆ ਗਿਆ ਕਿਉਂਕਿ ਲੜਕੀ ਜੋ ਕਿ ਨਾਬਾਲਿਗ ਸੀ, ਬੇਸਹਾਰਾ ਤੇ ਲਾਚਾਰ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਤੋਂ ਪੰਜਾਬ ਪੁਲਿਸ ਵੱਲੋਂ ਮਾਸੂਮ ਬੱਚੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਹੈ। ਮਾਸੂਮ ਬੱਚੀ ਦੇ ਅਨਪੜ੍ਹ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੇਕਰ ਤੁਸੀਂ ਕੋਈ ਕਾਰਵਾਈ ਕੀਤੀ ਤਾਂ ਤੁਹਾਡਾ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ।
ਕਮਿਸ਼ਨ ਨੇ ਪਟੀਸ਼ਨ ਦਾ ਤੁਰੰਤ ਨੋਟਿਸ ਲੈਂਦਿਆਂ ਪਟਿਆਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ 7 ਦਿਨਾਂ ਦੇ ਅੰਦਰ ਐਸਐਸਪੀ, ਡਿਪਟੀ ਕਮਿਸ਼ਨਰ, ਡਵੀਜ਼ਨਲ ਕਮਿਸ਼ਨਰ ਅਤੇ ਆਈਜੀ ਜ਼ੋਨਲ ਨੂੰ ਆਪਣੀ ਸਥਿਤੀ ਰਿਪੋਰਟ ਸੌਂਪਣ ਲਈ ਆਦੇਸ਼ ਦਿੱਤਾ ਹੈ। ਵਫ਼ਦ ਵਿੱਚ ਪਰਮਜੀਤ ਸਿੰਘ ਕੈਂਥ, ਪਿਤਾ ਹਰਪਾਲ ਸਿੰਘ, ਕੰਵਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਬਨੇਰਾ ਅਤੇ ਬਲਵਿੰਦਰ ਸਿੰਘ ਹਨੀ ਸ਼ਾਮਲ ਸਨ। ਇਸ ਗੰਭੀਰ ਘਟਨਾ ਬਾਰੇ ਪਿਛਲੇ ਦਿਨੀਂ ਪਟਿਆਲਾ ਦੇ ਐਸਐਸਪੀ ਨੂੰ ਮਿਲਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ। ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਹੈ ਕਿ ਇਸ ਗੰਭੀਰ ਘਟਨਾ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਮਾਸੂਮ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗਾ, ਭਾਵੇਂ ਸਾਨੂੰ ਰੋਸ ਅਤੇ ਮੁਜ਼ਾਹਰਾ ਕਰਨਾ ਪਵੇ, ਅਸੀਂ ਕਰਾਂਗੇ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਮੂਹ ਅਨੁਸੂਚਿਤ ਜਾਤੀ ਜਥੇਬੰਦੀਆਂ ਨੂੰ ਇਸ ਗਰੀਬ ਪਰਿਵਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ।