ਕੁਵੈਤ ਅਗਨੀਕਾਂਡ: ਮ੍ਰਿਤਕਾਂ 'ਚ ਹੁਸ਼ਿਆਰਪੁਰ ਦਾ ਹਿੰਮਤ ਰਾਏ ਵੀ ਸ਼ਾਮਲ, ਪੀੜਤ ਪਰਿਵਾਰ ਦਾ ਪੰਜਾਬ ਸਰਕਾਰ ਪ੍ਰਤੀ ਰੋਸ

ਕੁਵੈਤ ਅਗਨੀਕਾਂਡ ਵਿੱਚ ਹੁਸ਼ਿਆਰਪੁਰ ਦੇ ਹਿੰਮਤ ਰਾਏ ਦੀ ਵੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਸਾਡੇ ਕਿਸੇ ਨੇ ਸਾਰ ਨਹੀਂ ਲਈ ਹੈ।

By  Dhalwinder Sandhu June 14th 2024 01:20 PM

ਹੁਸ਼ਿਆਰਪੁਰ: ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਵਿਦੇਸ਼ ਤੋਂ ਗੋਰੇ ਪੰਜਾਬ ਵਿੱਚ ਕੰਮ ਕਰਨ ਲਈ ਆਇਆ ਕਰਨਗੇ, ਗੋਰੇ ਕਦੋਂ ਆਉਣਗੇ ਇਹ ਤਾਂ ਪਤਾ ਨਹੀਂ, ਪਰ ਵਿਦੇਸ਼ ਵਿੱਚ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਗਏ ਪੰਜਾਬੀਆਂ ਦੀਆਂ ਲਾਸ਼ਾਂ ਪੰਜਾਬ ਜਰੂਰ ਪੁੱਜ ਰਹੀਆਂ ਹਨ।

ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ

ਬੀਤੇ ਦਿਨੀਂ ਕੁਵੈਤ ਵਿੱਚ ਮਜ਼ਦੂਰਾਂ ਦੀ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਭਾਰਤੀਆਂ ਵਿੱਚੋਂ ਇੱਕ ਵਿਅਕਤੀ ਹੁਸ਼ਿਆਰਪੁਰ ਦੇ ਪਿੰਡ ਕਕੋ ਦਾ ਰਹਿਣ ਵਾਲਾ ਸੀ। ਮ੍ਰਿਤਕ ਹਿੰਮਤ ਰਾਏ 66 ਸਾਲ ਦਾ ਸੀ ਤੇ ਜਿਵੇਂ ਹੀ ਪਰਿਵਾਰ ਨੂੰ ਹਿੰਮਤ ਰਾਏ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

25 ਸਾਲ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਹਿੰਮਤ ਰਾਏ

ਮ੍ਰਿਤਕ ਦੀ ਪਤਨੀ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 25 ਸਾਲ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਹਿੰਮਤ ਰਾਏ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਪੁੱਤਰ ਹਾਲੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਤੇ ਧੀਆਂ ਵਿਆਹੀਆਂ ਹੋਈਆਂ ਹਨ।

ਪੀੜਤ ਪਰਿਵਾਰ ਨੇ ਮਦਦ ਦੀ ਲਾਈ ਗੁਹਾਰ

ਹਿੰਮਤ ਰਾਏ ਦੇ ਜਵਾਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਬੀਤੇ ਕੱਲ੍ਹ ਉਨਾਂ ਨੂੰ ਹਿੰਮਤ ਰਾਏ ਦੀ ਮ੍ਰਿਤਕ ਦੇਹ ਭਾਰਤ ਆਉਣ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਜਾਂ ਸਰਕਾਰ ਦਾ ਹੋਰ ਕੋਈ ਵੀ ਨੁਮਾਇੰਦਾ ਉਹਨਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ। ਉਹਨਾਂ ਮੰਗ ਕੀਤੀ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ, ਜਿਸ ਕਾਰਨ ਹੁਣ ਸਰਕਾਰ ਪੀੜਤ ਪਰਿਵਾਰ ਦੀ ਆਰਥਿਕ ਮਦਦ ਜਰੂਰ ਕਰੇ।

ਇਹ ਵੀ ਪੜੋ: Kuwait Fire: ਕੁਵੈਤ ਅੱਗ 'ਚ ਮਾਰੇ ਗਏ ਭਾਰਤੀਆਂ ਦੀਆਂ ਅੱਜ ਆ ਰਹੀਆਂ ਹਨ ਮ੍ਰਿਤਕ ਦੇਹਾਂ, ਜਾਣੋ ਯੂਪੀ, ਕੇਰਲਾ ਸਮੇਤ ਕਿਹੜੇ-ਕਿਹੜੇ ਸੂਬੇ ਦੇ ਕਿੰਨੇ ਲੋਕਾਂ ਦੀ ਹੋਈ ਮੌਤ? 

Related Post