ਅਟਾਰੀ ਸਰਹੱਦ ਤੇ ਕੰਮ ਕਰਦੇ ਕੂਲੀਆਂ ਨੇ ਕੀਤੀ ਹੜਤਾਲ

By  Shameela Khan August 29th 2023 01:23 PM -- Updated: August 29th 2023 01:42 PM

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਇੰਟੀਗ੍ਰੇਟਿਡ ਚੈੱਕ ਪੋਸਟ ਅਟਾਰੀ ਵਿੱਖੇ ਕੰਮ ਕਰਦੇ ਕੂਲੀਆਂ ਨੇ ਅੱਜ ਹੜਤਾਲ ਕਰ ਦਿੱਤੀ ਹੈ। ਹੜਤਾਲ ਕਾਰਨ ਕੂਲੀ ਆਈ.ਸੀ.ਪੀ ਗੇਟ ਦੇ ਬਾਹਰ ਹੀ ਖੜ੍ਹੇ ਰਹੇ। ਜਿਸ ਕਾਰਨ ਭਾਰਤ ਅਫ਼ਗਾਨਿਸਤਾਨ ਵਪਾਰ ਦੀ ਢੋਆ ਢੁਆਈ ਬੰਦ ਰਹੀ।

ਕੂਲੀ ਯੂਨੀਅਨ ਦੇ ਪ੍ਰਧਾਨ ਪਹਿਲਵਾਨ ਮੋਹਣ ਸਿੰਘ ਅਟਾਰੀ, ਬੂਟਾ ਸਿੰਘ ਅਤੇ ਯੂਨੀਅਨ ਦੇ ਨੁਮਾਇਦੇ ਕੂਲੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਬੀ.ਐੱਸ.ਐੱਫ਼ ਦੀ 168 ਬਟਾਲਿਅਨ ਦੇ ਕੁੱਝ ਜਵਾਨ ਉਨ੍ਹਾਂ ਨੂੰ ਮਾਲ ਦੀ ਢੋਆ ਢੁਆਈ ਕਰਨ ਸਮੇਂ ਗ਼ਾਲੀ ਗ਼ਲੋਚ ਕਰ ਕੇ ਤੰਗ ਪਰੇਸ਼ਾਨ ਕਰਦੇ ਹਨ। ਜੇਕਰ ਉਹ ਕਾਰਨ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਐਂਟਰੀ ਬੰਦ ਕਰਨ ਜਾਂ ਨੌਕਰੀ ਤੋਂ ਕੱਢਣ ਦੇ ਡਰਾਵੇ ਦਿੱਤੇ ਜਾਂਦੇ ਹਨ। 



ਯੂਨੀਅਨ ਨੇ  ਕਿਹਾ, "ਬੀ.ਐੱਸ.ਐਫ਼ ਦੇ ਜਵਾਨਾਂ ਨੇ ਸਾਡਾ ਜਿਉਂਣਾ ਹਰਾਮ ਕੀਤਾ ਹੋਇਆ ਹੈ। ਅਸੀਂ ਉੱਚ ਅਧਿਕਾਰੀਆਂ ਨੂੰ ਦੱਸਦੇ ਹਾਂ ਤਾਂ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ।"

ਇਸ ਸਬੰਧੀ ਲੈਂਡ ਪੋਰਟ ਅਥਾਰਿਟੀ ਦੇ ਮੈਨੇਜਰ ਸਤੀਸ਼ ਧਿਆਨੀ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ ਕੂਲੀ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਵਿਰੁੱਧ ਬੀ.ਐੱਸ.ਐੱਫ਼ ਦੀ 168 ਬਟਾਲੀਅਨ ਵੱਲੋਂ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ ਕਿ ਉਹ ਡਿਊਟੀ ਕਰ ਰਹੇ ਜਵਾਨਾਂ ਨਾਲ ਮਾੜਾ ਵਤੀਰਾ ਕਰਦਾ ਹੈ ਅਤੇ ਹੁਕਮ ਦੀ ਪਾਲਣਾ ਨਹੀਂ ਕਰਦਾ। ਜਿਸ ਕਾਰਨ ਸਿਰਫ਼ ਇੱਕ ਕੂਲੀ ਮੋਹਨ ਸਿੰਘ ਦੀ ਹੀ ਐਂਟਰੀ ਬੰਦ ਕੀਤੀ ਗਈ ਹੈ। 

ਇਕੱਠੇ ਹੋਏ ਕੂਲੀਆਂ ਨੇ ਕਿਹਾ ਕਿ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਦੀ ਐਂਟਰੀ ਹੋਵੇਗੀ ਤਾਂ ਹੀ ਉਹ ਅੰਦਰ ਕੰਮ ਕਰਨ ਜਾਵਾਂਗੇ। ਬੀ.ਐੱਸ.ਐੱਫ਼ ਦੇ ਜਵਾਨ ਪਹਿਲਵਾਨ ਮੋਹਨ ਸਿੰਘ ਤੇ ਝੂੱਠੇ ਦੋਸ਼ ਲਗਾ ਰਹੇ ਹਨ।

Related Post