ਜਾਣੋ ਚੰਦਰਯਾਨ -1, 2 ਅਤੇ 3 ਤੋਂ ਇਸਰੋ ਨੇ ਕੀ ਹਾਸਲ ਕੀਤਾ? ਹਰੇਕ ਭਾਰਤੀ ਨੂੰ ਇਨ੍ਹਾਂ ਤੱਥਾਂ ਤੋਂ ਹੋਣਾ ਚਾਹੀਦਾ ਜਾਣੂ

By  Jasmeet Singh August 24th 2023 05:26 PM

India's Moon Mission: ਵਿਗਿਆਨੀਆਂ ਦਾ ਹਮੇਸ਼ਾ ਚੰਦਰਮਾ ਵੱਲ ਝੁਕਾਅ ਰਿਹਾ ਹੈ। ਧਰਤੀ ਤੋਂ ਬਾਅਦ ਜੇਕਰ ਕੋਈ ਉਪਗ੍ਰਹਿ ਮਨੁੱਖ ਲਈ ਢੁਕਵਾਂ ਮੰਨਿਆ ਗਿਆ ਹੈ ਤਾਂ ਉਹ ਚੰਦਰਮਾ ਹੈ। ਧਰਤੀ ਦੇ ਇਸ ਸਭ ਤੋਂ ਨਜ਼ਦੀਕੀ ਅਤੇ ਠੰਡੇ ਉਪਗ੍ਰਹਿ 'ਤੇ ਕਈ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ ਸਮੇਂ-ਸਮੇਂ 'ਤੇ ਆਪਣੇ ਪੁਲਾੜ ਵਾਹਨ ਭੇਜਦੀਆਂ ਰਹੀਆਂ ਹਨ। ਇਸ ਕੜੀ 'ਚ ਭਾਰਤ ਤੀਜੀ ਵਾਰ ਚੰਦਰਮਾ 'ਤੇ ਪਹੁੰਚਣ ਵਿੱਚ ਸਫ਼ਲ ਰਿਹਾ ਹੈ। ਚੰਦਰਯਾਨ-1 ਅਤੇ ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਦੁਨੀਆ ਲਈ ਉਤਸੁਕਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਭਾਰਤ ਚੰਦਰਮਾ ਦੇ ਦੱਖਣੀ ਧੁਰੇ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।


ਚੰਦਰਯਾਨ-1: ਪਹਿਲੀ ਵਾਰ ਪਾਣੀ ਦੀ ਖੋਜ
ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਲ 2003 ਵਿੱਚ ਚੰਦਰਯਾਨ ਪ੍ਰੋਗਰਾਮ ਦਾ ਐਲਾਨ ਕੀਤਾ ਸੀ। 15 ਅਗਸਤ 2003 ਇਹ ਉਹ ਤਾਰੀਖ ਹੈ ਜਦੋਂ ਭਾਰਤ ਨੇ ਚੰਦਰਯਾਨ ਪ੍ਰੋਗਰਾਮ ਸ਼ੁਰੂ ਕੀਤਾ ਸੀ। ਨਵੰਬਰ 2003 ਨੂੰ ਭਾਰਤ ਸਰਕਾਰ ਨੇ ਪਹਿਲੀ ਵਾਰ ਭਾਰਤੀ ਚੰਦਰਮਾ ਮਿਸ਼ਨ ਲਈ ਇਸਰੋ ਦੇ ਚੰਦਰਯਾਨ-1 ਨੂੰ ਮਨਜ਼ੂਰੀ ਦਿੱਤੀ। 

ਲਗਭਗ 5 ਸਾਲ ਬਾਅਦ ਭਾਰਤ ਨੇ ਚੰਦਰਯਾਨ ਮਿਸ਼ਨ ਨੂੰ 22 ਅਕਤੂਬਰ 2008 ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ। ਉਸ ਸਮੇਂ ਤੱਕ ਸਿਰਫ਼ ਚਾਰ ਹੋਰ ਦੇਸ਼ ਅਮਰੀਕਾ, ਰੂਸ, ਯੂਰਪ ਅਤੇ ਜਾਪਾਨ ਚੰਦਰਮਾ 'ਤੇ ਮਿਸ਼ਨ ਭੇਜਣ ਵਿੱਚ ਸਫਲ ਹੋ ਸਕੇ ਸਨ। ਭਾਰਤ ਅਜਿਹਾ ਕਰਨ ਵਾਲਾ ਪੰਜਵਾਂ ਦੇਸ਼ ਸੀ। 14 ਨਵੰਬਰ 2008 ਨੂੰ ਚੰਦਰਯਾਨ-1 ਚੰਦਰਮਾ ਦੇ ਦੱਖਣੀ ਧੁਰੇ ਦੇ ਨੇੜੇ ਕਰੈਸ਼ ਹੋ ਗਿਆ ਸੀ ਪਰ ਉਦੋਂ ਤੱਕ ਇਸ ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦੀ ਪੁਸ਼ਟੀ ਕਰ ਦਿੱਤੀ ਸੀ।

ਚੰਦਰਯਾਨ-1 ਦੇ ਡੇਟਾ ਦੀ ਵਰਤੋਂ ਕਰਕੇ ਚੰਦਰਮਾ 'ਤੇ ਬਰਫ਼ ਦੀ ਪੁਸ਼ਟੀ ਕੀਤੀ ਗਈ ਸੀ। ਇਸਰੋ ਦੇ ਅਨੁਸਾਰ 28 ਅਗਸਤ 2009 ਨੂੰ ਚੰਦਰਯਾਨ-1 ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਗਿਆ ਸੀ ਪਰ ਇਹ ਸਿਰਫ ਸ਼ੁਰੂਆਤ ਸੀ। ਭਾਰਤ ਨੇ ਛੇਤੀ ਹੀ ਚੰਨ 'ਤੇ ਮੁੜ ਤਿਰੰਗਾ ਲਹਿਰਾਉਣ ਦਾ ਮਨ ਬਣਾ ਲਿਆ ਸੀ।


ਚੰਦਰਯਾਨ-2: ਅੰਸ਼ਕ ਸਫ਼ਲਤਾ
22 ਜੁਲਾਈ 2019 ਨੂੰ 14:43 'ਤੇ ਭਾਰਤ ਨੇ ਚੰਦਰਮਾ ਵੱਲ ਆਪਣਾ ਦੂਜਾ ਕਦਮ ਪੁਟਿਆ। ਚੰਦਰਯਾਨ-2 ਨੂੰ ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀਹਰੀਕੋਟਾ ਤੋਂ GSLV-Mark-III M1 ਦੁਆਰਾ ਲਾਂਚ ਕੀਤਾ ਗਿਆ ਸੀ। 20 ਅਗਸਤ ਨੂੰ ਚੰਦਰਯਾਨ-2 ਪੁਲਾੜ ਯਾਨ ਚੰਦਰ ਦੇ ਪੰਧ ਵਿੱਚ ਦਾਖਲ ਹੋਇਆ। ਇਸ ਮਿਸ਼ਨ ਦਾ ਪਹਿਲਾ ਉਦੇਸ਼ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਰੂਪ ਨਾਲ ਉਤਰਨਾ ਅਤੇ ਫਿਰ ਤੋਂ ਚੰਦਰਮਾ ਦੀ ਸਤ੍ਹਾ 'ਤੇ ਰੋਬੋਟਿਕ ਰੋਵਰ ਨੂੰ ਚਲਾਉਣਾ ਸੀ ਪਰ 2 ਸਤੰਬਰ ਨੂੰ ਚੰਦਰਮਾ ਦੀ ਧਰੁਵੀ ਆਰਬਿਟ ਵਿੱਚ ਚੰਦਰਮਾ ਦੀ ਪਰਿਕਰਮਾ ਕਰਦੇ ਸਮੇਂ ਲੈਂਡਰ 'ਵਿਕਰਮ' ਵੱਖ ਹੋ ਗਿਆ ਅਤੇ ਸਤ੍ਹਾ ਉੱਤੇ 2.1 ਕਿਲੋਮੀਟਰ ਦੀ ਦੂਰੀ 'ਤੇ ਜਾ ਡਿੱਗਿਆ।

ਲੈਂਡਰ ਦਾ ਉਚਾਈ 'ਤੇ ਪੁਲਾੜ ਕੇਂਦਰ ਨਾਲ ਸੰਪਰਕ ਟੁੱਟ ਗਿਆ। ਚੰਦਰਯਾਨ-2 2019 'ਚ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਉਤਰਨ 'ਚ ਅਸਫਲ ਰਿਹਾ। ਉਦੋਂ ਇਸਰੋ ਕੰਟਰੋਲ ਰੂਮ 'ਚ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸਰੋ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੇਗਾ ਕਿ ਕੀ ਹੋਇਆ ਹੈ, ਫਿਰ ਅਗਲਾ ਕਦਮ ਤੈਅ ਕਰੇਗਾ ਅਤੇ ਹੁਣ ਇਸਰੋ ਤੀਜੀ ਵਾਰ ਚੰਦ 'ਤੇ ਕਦਮ ਰੱਖਣ ਵਿੱਚ ਨਾ ਸਿਰਫ਼ ਸਫ਼ਲ ਰਿਹਾ ਸਗੋਂ ਇਸਨੇ ਇਤਿਹਾਸ ਸਿਰਜ ਦਿੱਤਾ।



ਉਮੀਦ ਉੱਤੇ ਪੂਰਾ ਉੱਤਰਿਆ ਚੰਦਰਯਾਨ-3
ਭਾਰਤ ਦਾ ਤੀਜਾ ਚੰਦਰਮਾ ਮਿਸ਼ਨ ਯਾਨੀ ਚੰਦਰਯਾਨ-3 23 ਅਗਸਤ 2023 ਸ਼ਾਮ 06:04 ਵਜੇ ਦਰਮਿਆਨ ਚੰਦਰਮਾ ਦੀ ਸਤ੍ਹਾ 'ਤੇ ਉੱਤਰਿਆ। ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦੀ ਸਾਫਟ ਲੈਂਡਿੰਗ ਨੂੰ ਪੂਰੇ ਦੇਸ਼ ਨੇ ਵੇਖਿਆ। ਚੰਦਰਮਾ ਦੀ ਸਤ੍ਹਾ 'ਤੇ ਉਤਰਦੇ ਹੀ ਭਾਰਤ ਚੰਦਰਮਾ ਦੇ ਦੱਖਣੀ ਧੁਰੇ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ। 

ਚੰਦਰਯਾਨ-3 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਇਸ ਨੂੰ ਭੇਜਣ ਲਈ LVM-3 ਲਾਂਚਰ ਦੀ ਵਰਤੋਂ ਕੀਤੀ ਗਈ ਸੀ। ਇਸਰੋ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਚੰਦਰਮਾ 'ਤੇ ਲੈਂਡਰ ਮਾਡਿਊਲ ਦੀ ਪ੍ਰਾਈਮ ਸਾਈਟ 4 ਕਿਲੋਮੀਟਰ x 2.4 ਕਿਲੋਮੀਟਰ 69.367621 S, 32.348126 E 'ਤੇ ਚੰਦਰਮਾ ਦੇ ਦੱਖਣੀ ਧੁਰੇ ਦੇ ਨੇੜੇ ਸਥਿਤ ਮੰਜ਼ਿਨਸ-ਯੂ ਕ੍ਰੇਟਰ ਦੇ ਨੇੜੇ ਚੰਦਰਯਾਨ-3 ਸਫ਼ਲਤਾਪੁਰਵਕ ਉਤਰ ਗਿਆ। 


ਚੰਦ ਉੱਤੇ ਇੱਕ ਦਿਨ ਧਰਤੀ 'ਤੇ 14 ਦਿਨਾਂ ਦੇ ਬਰਾਬਰ 
ਚੰਦਰਮਾ 'ਤੇ ਇੱਕ ਦਿਨ ਧਰਤੀ 'ਤੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਇਹੀ ਕਾਰਨ ਹੈ ਕਿ ਚੰਦਰਯਾਨ-3 ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ 14 ਦਿਨਾਂ ਤੱਕ ਖੋਜ ਕਰੇਗਾ, ਜਿਸ ਲਈ ਵਿਕਰਮ ਲੈਂਡਰ 'ਚ ਚਾਰ ਪੇਲੋਡ ਲਗਾਏ ਗਏ ਹਨ। ਦੱਖਣੀ ਧੁਰੇ ਦੇ ਨੇੜੇ ਤਾਪਮਾਨ ਵੱਧ ਤੋਂ ਵੱਧ 100 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 200 ਡਿਗਰੀ ਸੈਲਸੀਅਸ ਤੋਂ ਵੱਧ ਸਕਦਾ ਹੈ। ਉੱਥੇ ਮੌਜੂਦ ਪਾਣੀ ਠੋਸ ਰੂਪ ਯਾਨੀ ਬਰਫ਼ ਦੇ ਰੂਪ 'ਚ ਪਾਇਆ ਜਾਵੇਗਾ।  ਚੰਦਰਯਾਨ-3 ਦਾ ਚਾਸਟੇ (ChaSTE) ਚੰਦਰਮਾ ਦੀ ਸਤ੍ਹਾ 'ਤੇ ਤਾਪਮਾਨ ਦੀ ਜਾਂਚ ਕਰੇਗਾ। 

ਰੰਭਾ (RAMBHA)ਚੰਦਰਮਾ ਦੀ ਸਤ੍ਹਾ 'ਤੇ ਸੂਰਜ ਤੋਂ ਆਉਣ ਵਾਲੇ ਪਲਾਜ਼ਮਾ ਕਣਾਂ ਦੀ ਘਣਤਾ, ਮਾਤਰਾ ਅਤੇ ਪਰਿਵਰਤਨ ਦੀ ਜਾਂਚ ਕਰੇਗਾ। ਇਸਲਾ (ILSA) ਲੈਂਡਿੰਗ ਸਾਈਟ ਦੇ ਆਲੇ ਦੁਆਲੇ ਭੂਚਾਲ ਦੀਆਂ ਗਤੀਵਿਧੀਆਂ ਦੀ ਜਾਂਚ ਕਰੇਗਾ ਅਤੇ ਲੇਜ਼ਰ ਰੀਟਰੋਫਲੈਕਟਰ ਐਰੇ (LRA) ਚੰਦਰਮਾ ਦੀ ਗਤੀਸ਼ੀਲਤਾ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ।

ਚੰਦਰਯਾਨ-3 ਦੇ ਵਿਕਰਮ ਲੈਂਡਰ ਵਿੱਚ ਫਿੱਟ ਕੀਤੇ ਗਏ LHDAC ਕੈਮਰੇ ਨੇ ਹਾਲ ਹੀ ਵਿੱਚ ਚਾਰ ਤਸਵੀਰਾਂ ਭੇਜੀਆਂ ਹਨ। ਜਿਸ ਵਿੱਚ ਕਿਤੇ ਵੱਡੇ ਟੋਏ ਅਤੇ ਕਿਤੇ ਮੈਦਾਨੀ ਇਲਾਕਾ ਨਜ਼ਰ ਆ ਰਿਹਾ ਹੈ। ਉੱਥੋਂ ਦੀ ਬਹੁਤੀ ਜ਼ਮੀਨ ਮੋਟੀ ਨਜ਼ਰ ਆਉਂਦੀ ਹੈ। ਦੱਸ ਦੇਈਏ ਕਿ 1958 ਤੋਂ 2023 ਤੱਕ ਭਾਰਤ, ਅਮਰੀਕਾ, ਰੂਸ, ਜਾਪਾਨ, ਯੂਰਪੀਅਨ ਯੂਨੀਅਨ, ਚੀਨ ਅਤੇ ਇਜ਼ਰਾਈਲ ਨੇ ਚੰਦਰਮਾ 'ਤੇ ਕਈ ਤਰ੍ਹਾਂ ਦੇ ਮਿਸ਼ਨ ਭੇਜੇ ਹਨ। 

ਤਕਰੀਬਨ ਸੱਤ ਦਹਾਕਿਆਂ ਵਿੱਚ 111 ਮਿਸ਼ਨ ਭੇਜੇ ਗਏ ਹਨ। ਜਿਨ੍ਹਾਂ ਵਿੱਚੋਂ 66 ਸਫਲ ਰਹੇ। 41 ਫੇਲ ਅਤੇ 8 ਨੂੰ ਅੰਸ਼ਕ ਸਫਲਤਾ ਮਿਲੀ। ਭਾਰਤ ਦੇ ਚੰਦਰਯਾਨ-3 ਤੋਂ ਬਾਅਦ ਚੰਦਰਯਾਨ-4 ਦੀ ਤਿਆਰੀ ਸ਼ੁਰੂ ਹੋਣ ਜਾ ਰਹੀ ਹੈ। ਇਸ ਹਿੱਸੇ ਨੂੰ ਜਿਸ ਨੂੰ ਲੈਂਡਰ ਕਿਹਾ ਜਾ ਰਿਹਾ ਹੈ, ਨੂੰ ਚੰਦਰਮਾ ਦੀ ਸਤ੍ਹਾ 'ਤੇ ਲਿਜਾਣ ਦਾ ਕੰਮ ਇਸ ਪ੍ਰੋਪਲਸ਼ਨ ਮਾਡਿਊਲ ਰਾਹੀਂ ਕੀਤਾ ਗਿਆ ਹੈ।

Related Post