ਕਿਰਤੀ ਕਿਸਾਨ ਯੂਨੀਅਨ ਨੇ ਆਸ਼ੀਸ਼ ਮਿਸ਼ਰਾ ਦਾ ਪੁਤਲਾ ਸਾੜਿਆ

By  Ravinder Singh January 26th 2023 02:54 PM

ਬਠਿੰਡਾ : ਦੇਸ਼ ਦੀ ਸਰਵ ਉੱਚ ਅਦਾਲਤ ਵੱਲੋਂ ਲਖੀਮਪੁਰ ਖੀਰੀ ਦੇ ਮੁੱਖ ਕਥਿਤ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਬਠਿੰਡਾ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੰਤ੍ਰਿਮ ਜ਼ਮਾਨਤ ਦੇਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਫੈਸਲੇ ਦੀ ਨਿਖੇਧੀ ਕੀਤੀ ਗਈ। ਕਿਸਾਨਾਂ ਨੇ ਧਰਮ ਉਤੇ ਜ਼ਮਾਨਤ ਰੱਦ ਕਰਕੇ ਨਿਰਦੋਸ਼ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਉਤੇ ਬਠਿੰਡਾ ਦੇ ਡਾ. ਅੰਬੇਦਕਰ ਪਾਰਕ ਵਿੱਚ ਆਸ਼ੀਸ਼ ਮਿਸ਼ਰਾ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ।



ਕਿਸਾਨ ਆਗੂ ਅਮਰਜੀਤ ਹਨੀ ਨੇ ਕੇਂਦਰ ਸਰਕਾਰ ਉਪਰ ਦੋਸ਼ ਲਾਉਂਦਿਆਂ ਹੋਇਆ ਕਿਹਾ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ ਨਿਆਂਪਾਲਿਕਾ  ਵਿਚ ਜ਼ਿਆਦਾ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਹਰ ਫੈਸਲੇ ਨੂੰ ਆਪਣ ਮੁਤਾਬਿਕ ਲਾਗੂ ਕਰਵਾਏ ਜਾ ਰਹੇ ਹਨ। ਆਸ਼ੀਸ਼ ਮਿਸ਼ਰਾ ਜ਼ਮਾਨਤ ਮਸਲੇ 'ਚ ਸਪੱਸ਼ਟ ਹੋ ਗਿਆ ਹੈ ਕਿ ਮੋਦੀ ਸਰਕਾਰ ਦੀ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿਚ ਕਿਵੇਂ ਦਖ਼ਲਅੰਦਾਜ਼ੀ ਹੈ। ਇਸ ਦਾ ਸਬੂਤ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਹੈ।

ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ,ਚੰਡੀਗੜ੍ਹ ਤੇ ਮੋਹਾਲੀ ਦੀ ਟ੍ਰੈਫਿਕ ਪ੍ਰਭਾਵਿਤ

ਰਾਜੂ ਸੰਧੂ ਭੁੱਚੋ ਖੁਰਦ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਵਿਚ ਭਾਵੇਂ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਸਵਾਲ ਖੜ੍ਹਾ ਹੁੰਦਾ ਹੈ ਕਿ ਅਦਾਲਤਾਂ ਸਾਲਾਂਬੱਧੀ ਜ਼ਮਾਨਤਾਂ ਤੋਂ ਬਗੈਰ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਿਰਾਸਤੀ ਅਤੇ ਕੈਦੀਆਂ ਲਈ ਵੀ ਇਹ ਮਾਪਦੰਡ ਵਰਤਣਗੀਆਂ? ਕਿਸਾਨ ਆਗੂ ਨੇ ਕਿਹਾ ਕਿ ਇਸ ਫੈਸਲੇ ਨੇ ਦੱਸਿਆ ਹੈ ਕਿ ਅਦਾਲਤ ਦੇ ਫੈਸਲੇ ਤਾਕਤਵਰਾਂ ਅਤੇ ਅਮੀਰਾਂ ਲਈ ਹੋਰ ਅਤੇ ਸਾਧਨਹੀਣ ਲੋਕਾਂ ਲਈ ਪੱਖਪਾਤੀ ਹਨ।

Related Post