Amritpal Singh Party : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ 'ਸਿਆਸੀ' ਪਾਰਟੀ ਦਾ ਐਲਾਨ

Akali Dal Waris Punjab de party : ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ।

By  KRISHAN KUMAR SHARMA January 14th 2025 03:24 PM -- Updated: January 14th 2025 03:47 PM

Khadoor Sahib MP Amritpal Party : ਮਾਘੀ ਮੇਲੇ 'ਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੇਲੇ 'ਤੇ ਸਿਆਸੀ ਕਾਨਫਰੰਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਸਾਥੀਆਂ ਸਮੇਤ ਬੰਦ ਹਨ। ਉਨ੍ਹਾਂ ਉਪਰ ਪੰਜਾਬ ਸਰਕਾਰ ਵੱਲੋਂ NSA ਕਾਨੂੰਨ ਲਾਗੂ ਕੀਤਾ ਹੋਇਆ ਹੈ।

ਮੰਗਲਵਾਰ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਕਾਨਫਰੰਸ ਦੌਰਾਨ ਪਾਰਟੀ ਦਾ ਐਲਾਨ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਚੇਅਰਮੈਨ ਅੰਮ੍ਰਿਤਪਾਲ ਇਸ ਸਮੇਂ ਜੇਲ੍ਹ ਵਿੱਚ ਹੈ। ਅਜਿਹੇ 'ਚ ਪਾਰਟੀ ਨੂੰ ਚਲਾਉਣ ਲਈ ਕਮੇਟੀ ਬਣਾਈ ਗਈ ਹੈ, ਜੋ ਸਾਰਾ ਕੰਮ ਸੰਭਾਲੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਤਿੰਨ ਨਾਂ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇਸ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ ਹੁਣ ਤੋਂ ਉਨ੍ਹਾਂ ਦੀ ਪਾਰਟੀ ਦਾ ਨਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਹੋਵੇਗਾ।

'ਦਿੱਲੀ ਦੀ ਸੋਚ ਕਰ ਰਹੀ ਪੰਜਾਬ ਪੰਜਾਬ ਦਾ ਨੁਕਸਾਨ'

ਪਾਰਟੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਇਹ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਦਿੱਲੀ ਦੀ ਸੋਚ ਹੈ ਜੋ ਕਿਸਾਨਾਂ ਦੀ ਜਾਨ ਲੈ ਰਹੀ ਹੈ। ਦਿੱਲੀ ਦੀ ਸੋਚ ਸਿੱਖ ਕੌਮ ਦਾ ਨੁਕਸਾਨ ਕਰ ਰਹੀ ਹੈ। ਦਿੱਲੀ ਦੀ ਸੋਚ ਸੰਪਰਦਾ ਅਤੇ ਪੰਜਾਬ ਦਾ ਨੁਕਸਾਨ ਕਰ ਰਹੀ ਹੈ। ਦਿੱਲੀ ਦੀ ਸੋਚ ਪੰਜਾਬ ਦੇ ਪਾਣੀ ਨੂੰ ਲੁੱਟਣਾ ਚਾਹੁੰਦੀ ਹੈ ਅਤੇ ਸੂਬੇ ਦਾ ਨੁਕਸਾਨ ਕਰ ਰਹੀ ਹੈ।

2023 ਤੋਂ ਜੇਲ੍ਹ ਵਿੱਚ ਹੈ ਅੰਮ੍ਰਿਤਪਾਲ ਸਿੰਘ

ਸਾਂਸਦ ਅੰਮ੍ਰਿਤਪਾਲ ਸਿੰਘ ਅਪ੍ਰੈਲ 2023 ਤੋਂ ਜੇਲ੍ਹ ਵਿੱਚ ਹੈ। 23 ਫਰਵਰੀ 2023 ਨੂੰ ਅੰਮ੍ਰਿਤਪਾਲ ਸਿੰਘ 'ਤੇ ਹਜ਼ਾਰਾਂ ਦੀ ਭੀੜ ਨਾਲ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਦਾਖਲ ਹੋਣ ਅਤੇ ਥਾਣੇ ਦੀ ਭੰਨਤੋੜ ਦੇ ਇਲਜ਼ਾਮ ਹਨ। ਉਪਰੰਤ 18 ਮਾਰਚ ਨੂੰ ਅੰਮ੍ਰਿਤਪਾਲ ਘਰੋਂ ਭੱਜ ਗਿਆ ਸੀ। ਇਸ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਉਸ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਿਆ। ਐਨਐਸਏ ਤਹਿਤ ਉਸ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਉਸ ਨੇ ਜੇਲ੍ਹ ਤੋਂ ਹੀ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤੀਆਂ।

Related Post