Patiala News : ਕੈਨੇਡਾ 'ਚ ਟਰਾਲੇ ਨੇ ਦਰੜਿਆ ਪੰਜਾਬੀ ਨੌਜਵਾਨ, 2 ਸਾਲ ਪਹਿਲਾਂ ਵਿਦੇਸ਼ ਗਿਆ ਸੀ ਕੰਵਰਪਾਲ ਸਿੰਘ

Punjabi Youth Death in Canada : ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨਾਲ ਸਬੰਧਤ ਨੌਜਵਾਨ ਕੰਵਰਪਾਲ ਸਿੰਘ ਦੀ ਟਰਾਲੇ ਦੀ ਫੇਟ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਅਤੇ ਪਿੰਡ ਕਾਹਨਗੜ੍ਹ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

By  KRISHAN KUMAR SHARMA August 26th 2024 06:34 PM -- Updated: August 26th 2024 06:37 PM

Punjabi Youth Death in Canada : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸਟੱਡੀ ਵੀਜ਼ੇ 'ਤੇ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨਾਲ ਸਬੰਧਤ ਨੌਜਵਾਨ ਕੰਵਰਪਾਲ ਸਿੰਘ ਦੀ ਟਰਾਲੇ ਦੀ ਫੇਟ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਅਤੇ ਪਿੰਡ ਕਾਹਨਗੜ੍ਹ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਕੰਵਰਪਾਲ ਸਿੰਘ 25 ਅਗਸਤ 2022 ਨੂੰ ਸਟੱਡੀ ਬੇਸ 'ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਉਸਦੀ ਪੜ੍ਹਾਈ ਪੂਰੀ ਹੋ ਗਈ ਸੀ ਅਤੇ ਡਿਗਰੀ ਮਿਲ ਗਈ ਸੀ, ਜਿਸ ਪਿੱਛੋਂ ਹੁਣ ਚਾਰ ਮਹੀਨੇ ਤੋਂ ਉਹ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ ਪਰ 2 ਦਿਨ ਪਹਿਲਾਂ ਜਦੋਂ ਕੰਵਰਪਾਲ ਸਿੰਘ ਆਪਣੀ ਕਾਰ ਰਾਹੀਂ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕੰਵਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਬੀਤੀ ਸ਼ਾਮਲ ਉਸ ਦੀ ਹਸਪਤਾਲ ਵਿਖੇ ਮੌਤ ਹੋ ਗਈ। ਸੂਚਨਾ ਮਿਲਣ ਦੇ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ।

ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਖੁਦ ਪੀਆਰਟੀਸੀ ਦੇ ਵਿੱਚ ਨੌਕਰੀ ਕਰਦੇ ਹਨ। ਪਰ ਇਸ ਮੰਦਭਾਗੀ ਸੂਚਨਾ ਨਾਲ ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਆਪਣੇ ਬੱਚੇ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਮਾਤਮ ਪਸਰਿਆ ਹੋਇਆ ਸੀ, ਕੰਵਰਪਾਲ ਸਿੰਘ ਦੀ ਮਾਤਾ ਦੀਆਂ  ਅੱਖਾਂ ਦੇ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਅਤੇ ਰੋ-ਰੋ ਕੇ ਬੁਰਾ ਹਾਲ ਸੀ। ਪੀੜਤ ਪਰਿਵਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਆਪਣੇ ਬੱਚੇ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਉਣ ਲਈ ਮੰਗ ਕੀਤੀ ਹੈ।

Related Post