Kangana Ranaut ਦਾ ਕਿਸਾਨਾਂ 'ਤੇ ਤਿੱਖਾ ਹਮਲਾ, ਕਿਹਾ- ਅੰਦੋਲਨ ਦੌਰਾਨ ਵਿਛੀਆਂ ਲਾਸ਼ਾਂ ਤੇ ਹੋਏ ਜਬਰ-ਜਨਾਹ

Kangana Ranaut on Kisan Andolan : ਕੰਗਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ, ਕਿਉਂਕਿ ਇਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਅਤੇ ਜਬਰ-ਜਨਾਹ ਹੋ ਰਹੇ ਸਨ। ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਦਾ ਧੰਦਾ ਚਲਦਾ ਰਹੇਗਾ ਅਤੇ ਦੇਸ਼ ਭਾਵੇਂ ਖੂਹ 'ਚ ਜਾਵੇ, ਪਰ ਅਜਿਹਾ ਨਹੀਂ ਹੁੰਦਾ।

By  KRISHAN KUMAR SHARMA August 25th 2024 02:09 PM -- Updated: August 25th 2024 05:12 PM

Kangana Ranaut on Punjab : ''ਇਥੇ ਜਿਹੜੇ ਕਿਸਾਨ ਪ੍ਰਦਰਸ਼ਨ ਹੋਏ, ਉਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਅਤੇ ਜਬਰ-ਜਨਾਹ ਹੋ ਰਹੇ ਸਨ...'' ਇਹ ਵਿਵਾਦਤ ਬਿਆਨ ਕਿਸੇ ਹੋਰ ਨੇ ਨਹੀਂ ਸਗੋਂ ਭਾਜਪਾ ਦੀ ਉਘੀ ਮੈਂਬਰ ਪਾਰਲੀਮੈਂਟ ਅਤੇ ਹਮੇਸ਼ਾ ਵਿਵਾਦਾਂ ਨਾਲ ਚਰਚਾ 'ਚ ਰਹਿਣ ਵਾਲੀ ਕੰਗਨਾ ਰਣੌਤ ਨੇ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਐਮ.ਪੀ. ਕੰਗਨਾ ਅਕਸਰ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੀ ਰਹਿੰਦੀ ਹੈ, ਹੁਣ ਇੱਕ ਨਿੱਜੀ ਨਿਊਜ਼ ਚੈਨਲ 'ਤੇ ਇੰਟਰਵਿਊ ਦੌਰਾਨ ਉਸ ਨੇ ਫਿਰ ਜ਼ਹਿਰ ਉਗਲਿਆ ਹੈ। ਕੰਗਨਾ ਆਪਣੀ ਨਵੀਂ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਉਸ ਨੇ ਪੰਜਾਬ, ਕਿਸਾਨੀ ਅੰਦੋਲਨ, ਕਾਂਗਰਸ, ਬਾਲੀਵੁੱਡ 'ਚ ਨੇਪੋਟਿਜ਼ਮ ਆਦਿ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਅਤੇ ਖੁਦ ਨੂੰ ਸੱਚੀ ਅਭਿਨੇਤਾ ਤੇ ਸਾਫ-ਸੁਥਰਾ ਦੱਸਿਆ।  

''ਪੰਜਾਬ ਬਾਰੇ ਉਗਲਿਆ ਜ਼ਹਿਰ''

ਕੰਗਨਾ ਨੇ ਕਿਹਾ, ''ਮੈਂ ਇਨ੍ਹਾਂ ਨੂੰ 'ਉਡਦਾ ਪੰਜਾਬ' ਵਰਗੀਆਂ ਕਿੰਨੀਆਂ ਫਿਲਮਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਥੇ ਕੀ ਚੱਲ ਰਿਹਾ ਹੈ, ਸਭ ਤੋਂ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ, ਭਾਵੇਂ ਧਰਮ ਪਰਿਵਰਤਨ ਹੋਵੇ, ਖਾਲਿਸਤਾਨੀ ਗੈਂਗ ਹੋਵੇ ਜਾਂ ਫਿਰ ਡਰੱਗ ਮਾਫੀਆ ਹੋ ਗਿਆ, ਦੇਸ਼ ਜਾਨਣਾ ਚਾਹੁੰਦਾ ਹੈ ਕਿ ਉਥੇ ਆਖਿਰ ਚੱਲ ਕੀ ਰਿਹਾ ਹੈ। ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਹੀ ਨਿਆਂ ਕਰਨਾ ਚਾਹੁੰਦੇ ਹਨ, ਜੋ ਕਿ ਸਹੀ ਨਹੀਂ ਹੈ।''

ਚੰਡੀਗੜ੍ਹ ਦੇ ਥੱਪੜ ਕਾਂਡ ਨੂੰ ਲੈ ਕੇ ਵੀ ਕੰਗਨਾ ਨੇ ਕਿਹਾ, ''ਉਹ ਲੋਕ ਮੇਰੇ ਉਪਰ ਹਮਲਾ ਕਰਕੇ ਮੇਰੇ ਬੋਲਣ ਦੀ ਆਜ਼ਾਦੀ ਨੂੰ ਖੋਹਣਾ ਚਾਹੁੰਦੇ ਹਨ ਅਤੇ ਜੋ ਵੀ ਪੰਜਾਬ ਵਿੱਚ ਹੋ ਰਿਹਾ ਹੈ, ਉਹ ਸਹੀ ਨਹੀਂ ਹੈ।''

''ਇਥੇ ਵੀ ਬੰਗਲਾਦੇਸ਼ ਬਣਨ ਲੱਗਿਆਂ ਦੇਰ ਨਹੀਂ ਲੱਗਣੀ ਸੀ''

ਬੰਗਲਾਦੇਸ਼ ਬਾਰੇ ਕੰਗਨਾ ਨੇ ਕਿਹਾ, ''ਜੋ ਬੰਗਲਾਦੇਸ਼ 'ਚ ਹੋ ਰਿਹਾ ਹੈ, ਉਹ ਇਥੇ ਪੰਜਾਬ 'ਚ ਹੋਣ ਲੱਗਿਆਂ ਵੀ ਦੇਰ ਨਹੀਂ ਲੱਗਣੀ ਸੀ, ਕਿਸਾਨ ਅੰਦੋਲਨ ਜੋ ਹੋਇਆ ਹੈ, ਉਥੇ ਲਾਸ਼ਾਂ ਲਟਕੀਆਂ ਹੋਈਆਂ ਸਨ, ਜਬਰ-ਜਨਾਹ ਹੋ ਰਹੇ ਸਨ ਅਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲਏ ਗਏ ਤਾਂ ਦੇਸ਼ ਨੇ ਸੋਚਿਆ ਨਹੀਂ ਸੀ ਕਿ ਬਿੱਲ ਵਾਪਸ ਹੋ ਜਾਣਗੇ, ਪਰ ਉਹ ਕਿਸਾਨ ਅੱਜ ਵੀ ਉਥੇ ਬੈਠੇ ਹੋਏ ਹਨ। ਉਸ ਨੇ ਕਿਹਾ ਕਿ ਇਹ ਬਹੁਤ ਵੱਡੀ ਯੋਜਨਾ ਤਹਿਤ ਹੋਇਆ, ਜਿਵੇੇਂ ਕਿ ਬੰਗਲਾਦੇਸ਼ 'ਚ ਹੋਇਆ।''

ਕੰਗਨਾ ਨੇ ਹਮਲਾ ਕਰਦਿਆਂ ਕਿਹਾ, ''ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਦਾ ਧੰਦਾ ਚਲਦਾ ਰਹੇਗਾ ਅਤੇ ਦੇਸ਼ ਭਾਵੇਂ ਖੂਹ 'ਚ ਜਾਵੇ, ਪਰ ਅਜਿਹਾ ਨਹੀਂ ਹੁੰਦਾ। ਕਿਉਂਕਿ ਜੇਕਰ ਦੇਸ਼ ਖੂਹ 'ਚ ਡਿੱਗੇਗਾ ਤਾਂ ਤੁਸੀ ਵੀ ਨਾਲ ਹੀ ਖੂਹ 'ਚ ਡਿੱਗੋਗੋ, ਇਹ ਗੱਲ ਇਨ੍ਹਾਂ ਨੂੰ ਰੋਜ਼ਾਨਾ ਦੱਸਣੀ ਚਾਹੀਦੀ ਹੈ।''

''ਰਾਹੁਲ ਗਾਂਧੀ ਨੂੰ ਵੀ ਪਸੰਦ ਆਵੇਗੀ ਫਿਲਮ''

ਉਸ ਨੇ 'ਐਮਰਜੈਂਸੀ' ਫਿਲਮ ਬਾਰੇ ਕਿਹਾ ਕਿ ਇਹ ਫਿਲਮ ਬਹੁਤ ਇਮਾਨਦਾਰੀ ਨਾਲ ਬਣਾਈ ਗਈ ਹੈ। ਇੱਥੇ ਕਿਸੇ ਦਾ ਵਿਰੋਧ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਵੀ ਫਿਲਮ ਪਸੰਦ ਆਵੇਗੀ। ਫਿਲਮ ਦੇਖਣ ਤੋਂ ਬਾਅਦ, ਉਹ ਅੰਦਰੂਨੀ ਤੌਰ 'ਤੇ ਇਸ ਦੀ ਤਾਰੀਫ ਕਰਨਗੇ, ਪਰ ਪਤਾ ਨਹੀਂ ਬਾਹਰੋਂ ਕੀ ਕਹਿਣਗੇ।

ਔਰਤਾਂ ਦੀ ਸੁਰੱਖਿਆ ਬਾਰੇ ਕੀ ਬੋਲੀ

ਉਸ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸ਼ੁਰੂ ਤੋਂ ਹੀ ਉਸ ਦਾ ਪਹਿਲਾ ਕਦਮ ਰਿਹਾ ਹੈ। ਇਹ ਮੇਰੇ ਲਈ ਚਿੰਤਾ ਦਾ ਵਿਸ਼ਾ ਰਿਹਾ ਹੈ ਅਤੇ ਇਸ ਲਈ ਮੈਂ ਆਪਣਾ ਕਰੀਅਰ ਵੀ ਤਬਾਹ ਕਰ ਲਿਆ। ਇਸ ਲਈ ਮੈਂ ਆਈਟਮ ਗੀਤਾਂ ਦਾ ਵੀ ਵਿਰੋਧ ਕੀਤਾ, ਮੈਨੂੰ ਵੀ ਇਹ ਕਈ ਆਈਟਮ ਗੀਤ ਆਫਰ ਆਏ ਪਰ ਮੈਂ ਨਹੀਂ ਕੀਤੇ। ਕਿਉਂਕਿ ਮੇਰਾ ਵਜੂਦ ਮੈਨੂੰ ਆਗਿਆ ਨਹੀਂ ਦਿੰਦਾ।

ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਸ਼ੁਰੂ ਤੋਂ ਹੀ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਮਾੜਾ ਬੋਲਦੀ ਆ ਰਹੀ ਹੈ ਅਤੇ ਕਿਸਾਨਾਂ ਖਿਲਾਫ਼ ਜ਼ਹਿਰ ਉਗਲਦੀ ਆਈ ਹੈ। ਹੁਣ ਇੱਕ ਵਾਰ ਫਿਰ ਉਸ ਨੇ ਆਪਣੀ ਨਵੀਂ ਫਿਲਮ ਐਮਰਜੈਂਸੀ ਦੇ ਪ੍ਰਚਾਰ ਲਈ ਸਿੱਖਾਂ ਨੂੰ ਲੈ ਕੇ ਹੱਥਕੰਢਾ ਅਪਨਾਇਆ ਹੈ।

Related Post