ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ਹੀਦੀ ਹਫ਼ਤੇ ਨੂੰ ਲੈ ਕੇ ਲੋਕ ਸਭਾ ਉਮੀਦਵਾਰਾਂ ਨੂੰ ਜਾਰੀ ਕੀਤਾ ਹੁਕਮ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਜਿੱਤਣ ਵਾਲੇ ਉਮੀਦਵਾਰ ਇਸ ਦਿਨ ਜੂਨ '84 ਨੂੰ ਯਾਦ ਰੱਖਣ ਅਤੇ ਸਿੱਖ ਕੌਮ ਵੱਲੋਂ ਮਨਾਏ ਜਾ ਰਹੇ ਸ਼ਹੀਦੀ ਹਫ਼ਤੇ ਦੇ ਮੱਦੇਨਜ਼ਰ ਢੋਲ-ਢਮੱਕਿਆਂ ਦੀ ਵਰਤੋਂ ਨਾ ਕਰਨ।

By  KRISHAN KUMAR SHARMA June 2nd 2024 12:48 PM

Lok Sabha Election 2024 Result : ਦੇਸ਼ ਭਰ ਵਿੱਚ ਉਮੀਦਵਾਰਾਂ ਦੀਆਂ ਨਜ਼ਰਾਂ ਹੁਣ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ ਅਤੇ ਆਪਣੀ ਜਿੱਤ ਨੂੰ ਯਕੀਨੀ ਮੰਨਦਿਆਂ ਉਮੀਦਵਾਰਾਂ ਵੱਲੋਂ ਜਸ਼ਨਾਂ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਜਿੱਤਣ ਵਾਲੇ ਉਮੀਦਵਾਰ ਇਸ ਦਿਨ ਜੂਨ '84 ਨੂੰ ਯਾਦ ਰੱਖਣ ਅਤੇ ਸਿੱਖ ਕੌਮ ਵੱਲੋਂ ਮਨਾਏ ਜਾ ਰਹੇ ਸ਼ਹੀਦੀ ਹਫ਼ਤੇ ਦੇ ਮੱਦੇਨਜ਼ਰ ਢੋਲ-ਢਮੱਕਿਆਂ ਦੀ ਵਰਤੋਂ ਨਾ ਕਰਨ।

ਜਥੇਦਾਰ ਗਿਆਨੀ ਰਘਬੀਰ ਸਿੰਘ (Giani Rabhbir Singh) ਨੇ ਜਾਰੀ ਹੁਕਮ ਵਿੱਚ ਕਿਹਾ ਕਿ 4 ਜੂਨ ਨੂੰ ਲੋਕ ਸਭਾ ਚੋਣਾਂ 2024 ਦਾ ਨਤੀਜਾ ਆਉਣਾ ਹੈ। ਇਸ ਦੇ ਨਾਲ ਹੀ ਜੂਨ ਦਾ ਪਹਿਲਾ ਹਫ਼ਤਾ ਵੀ ਸਿੱਖ ਕੌਮ ਵੱਲੋਂ ਸ਼ਹੀਦੀ ਹਫ਼ਤੇ ਦੇ ਨਾਂ ਹੇਠ ਮਨਾਇਆ ਜਾਂਦਾ ਹੈ, ਕਿਉਂਕਿ ਜੂਨ ਮਹੀਨੇ 'ਚ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਿਰ ਸਾਹਿਬ 'ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਜਿਸ ਦੌਰਾਨ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਸਮੁੱਚੇ ਸੰਸਾਰ 'ਚ ਵੱਸਦੇ ਸਿੱਖ ਸ਼ਰਧਾਂਜਲੀ ਭੇਂਟ ਕਰਦੇ ਹਨ ਅਤੇ ਜੂਨ ਦੇ ਇਸ ਪਹਿਲੇ ਹਫ਼ਤੇ ਨੂੰ ਦੁਖਦਾਈ ਯਾਦ ਵੱਜੋਂ ਮਨਾਉਂਦਾ ਹੈ।

ਉਨ੍ਹਾਂ ਕਿਹਾ ਕਿ ਜੂਨ 84 ਦੇ ਇਸ ਘੱਲੂਘਾਰੇ ਨੂੰ ਤੀਜੇ ਘੱਲੂਘਾਰੇ ਦਾ ਨਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਹੈ। ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਜਿੱਤ ਕੇ ਆਉਂਦੇ ਹਨ, ਉਹ ਸ਼ਹੀਦੀ ਹਫ਼ਤੇ ਦੇ ਚਲਦਿਆਂ ਇਨ੍ਹਾਂ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ ਨਤੀਜਿਆਂ ਮਗਰੋਂ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਸਗੋਂ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ।

Related Post