UK 'ਚ ਕੌਮ ਦੀ ਮਾਣਮੱਤੀ ਪ੍ਰਾਪਤੀ ਲਈ ਜਥੇਦਾਰ ਰਘਬੀਰ ਸਿੰਘ ਨੇ ਸਿੱਖਾਂ ਨੂੰ ਦਿੱਤੀ ਵਧਾਈ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਬਰਤਾਨੀਆ ਵਿਚ ਗੁਰਮਤਿ ਸੰਗੀਤ ਅਕਾਦਮੀ ਅਤੇ ਬਰਤਾਨੀਆ ਦੀ ਸਮੁੱਚੀ ਸਿੱਖ ਸੰਗਤ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਾਲ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ।

By  KRISHAN KUMAR SHARMA September 27th 2024 10:50 AM

Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਨੇ ਬਰਤਾਨੀਆ ਦੀ ਸਿੱਖਿਆ ਦੀ ਗਰੇਡ ਪ੍ਰਣਾਲੀ ਵਿਚ ਗੁਰਮਤਿ ਸੰਗੀਤ ਸ਼ਾਮਲ ਕਰਨ ਨੂੰ ਸਮੁੱਚੀ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਕਰਾਰ ਦਿੰਦਿਆਂ ਬਰਤਾਨੀਆਂ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਲੰਡਨ ਸਥਿਤ ਸੰਗੀਤ ਸਿੱਖਿਆ ਬੋਰਡ ਵਲੋਂ ਆਪਣੀ ਕੌਮਾਂਤਰੀ ਪੱਧਰ ਦੀ ਅੱਠ ਗਰੇਡ ਵਾਲੀ ਸੰਗੀਤ ਪ੍ਰੀਖਿਆ ਵਿਚ ਗੁਰਮਤਿ ਸੰਗੀਤ ਦੇ ਸਾਜ਼ ਦਿਲਰੁਬਾ, ਸਾਰੰਦਾ, ਤਾਊਸ, ਅਸਰਾਜ ਅਤੇ ਸਾਰੰਗੀ ਨੂੰ ਸ਼ਾਮਲ ਕਰਨ ਨਾਲ ਨਾ-ਸਿਰਫ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਰਹਿਣ ਵਾਲੇ ਗੁਰਮਤਿ ਸੰਗੀਤ ਦਾ ਅਧਿਐਨ ਕਰਨ ਦੇ ਚਾਹਵਾਨ ਸਿਖਿਆਰਥੀਆਂ ਨੂੰ ਹੀ ਉਤਸ਼ਾਹ ਮਿਲੇਗਾ, ਬਲਕਿ ਵਿਸ਼ਵ ਭਰ ਦੇ ਲੋਕਾਂ ਨੂੰ ਕੁੱਲ ਦੁਨੀਆ ਦੀ ਸੰਗੀਤ ਪਰੰਪਰਾ ਵਿਚ ਅਦੁੱਤੀ ਸਥਾਨ ਰੱਖਣ ਵਾਲੇ ਅਲੌਕਿਕ ਗੁਰਮਤਿ ਸੰਗੀਤ ਨਾਲ ਜੁੜਣ ਦਾ ਮੌਕਾ ਵੀ ਮਿਲੇਗਾ।

ਉਨ੍ਹਾਂ ਕਿਹਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਬਰਤਾਨੀਆ ਵਿਚ ਗੁਰਮਤਿ ਸੰਗੀਤ ਅਕਾਦਮੀ ਅਤੇ ਬਰਤਾਨੀਆ ਦੀ ਸਮੁੱਚੀ ਸਿੱਖ ਸੰਗਤ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਾਲ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ।

Related Post