24 ਸਾਲਾਂ ਚ ਪਹਿਲੀ ਵਾਰ ਸ੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ

ਇਸ ਦਰਮਿਆਨ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਇਸ ਦਰਮਿਆਨ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ।

By  KRISHAN KUMAR SHARMA June 13th 2024 12:04 PM -- Updated: June 13th 2024 06:06 PM
24 ਸਾਲਾਂ ਚ ਪਹਿਲੀ ਵਾਰ ਸ੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ

ਅੰਮ੍ਰਿਤਸਰ : ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਪਿਛਲੇ 24 ਸਾਲਾਂ ਤੋਂ ਤਖਤ ਸ੍ਰੀ ਹਜੂਰ ਸਾਹਿਬ ਦੇ ਬਤੌਰ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਬਾਬਾ ਕੁਲਵੰਤ ਸਿੰਘ ਨੇ ਵਿਸ਼ੇਸ਼ ਜਹਾਜ਼ ਰਾਹੀਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਸਰੋਵਰ ਵਿੱਚ ਇਸ਼ਨਾਨ ਕੀਤਾ। ਬਾਬਾ ਕੁਲਵੰਤ ਸਿੰਘ ਜਥੇਦਾਰ ਬਣਨ ਤੋਂ ਬਾਅਦ ਨਿਰੰਤਰ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸੇਵਾਵਾਂ ਨਿਭਾਉਂਦੇ ਹੋਏ ਹਜੂਰ ਸਾਹਿਬ ਤੋਂ ਬਾਹਰ ਨਹੀਂ ਜਾਂਦੇ।

ਚਾਰ ਮਹੀਨੇ ਪਹਿਲਾਂ ਬਾਬਾ ਕੁਲਵੰਤ ਸਿੰਘ ਨੇ ਹਰਨੀਆਂ ਦਾ ਉਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਕੁਝ ਸਮਾਂ ਵਜ਼ਨ ਨਾ ਚੁੱਕਣ ਲਈ ਸਲਾਹ ਦਿੱਤੀ ਸੀ। ਤਖਤ ਸ੍ਰੀ ਹਜੂਰ ਸਾਹਿਬ ਦੀ ਇਸ਼ਨਾਨ ਸੇਵਾ ਦਰਮਿਆਨ ਸੇਵਾ ਕਰਦਿਆਂ ਵਜ਼ਨ ਚੁੱਕਣਾ ਪੈਂਦਾ ਹੈ ਜਿਸ ਵਿੱਚ ਇਸ਼ਨਾਨ ਕਰਵਾਉਣ ਲਈ ਜਲ ਦੀ ਗਾਗਰ ਵੀ ਸ਼ਾਮਲ ਹੈ। ਇਸ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਾਬਾ ਕੁਲਵੰਤ ਸਿੰਘ ਇਸ਼ਨਾਨ ਦੀ ਸੇਵਾ  ਨਹੀਂ ਕਰ ਰਹੇ ਸਨ। ਮੁੜ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਬਾਬਾ ਕੁਲਵੰਤ ਸਿੰਘ ਪਹੁੰਚੇ ਸਨ।


ਬਾਬਾ ਕੁਲਵੰਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਇਸ ਦਰਮਿਆਨ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ।

ਇਸ ਮੌਕੇ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੇ ਬਾਬਾ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਬਾਬਾ ਕੁਲਵੰਤ ਸਿੰਘ ਦੀ ਆਮਦ ਤੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਤੇ ਬਾਵਾ ਗੁਰਦੀਪ ਸਿੰਘ, ਭਾਈ ਵਿਸ਼ਾਲ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ।

Related Post