UK ਦੀਆਂ ਸੰਸਦੀ ਚੋਣਾਂ ’ਚ ਜਿੱਤ ਦਰਜ ਕਰਨ ਵਾਲੇ ਸਿੱਖ ਅਤੇ ਪੰਜਾਬੀ ਉਮੀਦਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੀ ਵਧਾਈ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੀ ਇਕ-ਡੇਢ ਸਦੀ ਦੌਰਾਨ ਸਿੱਖਾਂ ਨੇ ਪੰਜਾਬ ਅਤੇ ਭਾਰਤ ਤੋਂ ਬਾਹਰ ਪੱਛਮੀ ਦੇਸ਼ਾਂ ਵੱਲ ਪਰਵਾਸ ਕੀਤਾ ਅਤੇ ਅੱਜ ਦੁਨੀਆ ਦੇ 161 ਤੋਂ ਵੱਧ ਮੁਲਕਾਂ ਵਿਚ ਸਿੱਖ ਵੱਸਦੇ ਹਨ।

By  Aarti July 6th 2024 07:07 PM

UK Parliamentary Elections: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਰਤਾਨੀਆ ਦੀਆਂ ਪਾਰਲੀਮੈਂਟ ਚੋਣਾਂ ਵਿਚ ਪਹਿਲੀ ਵਾਰ 4 ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸਬੰਧਿਤ 5 ਬੀਬੀਆਂ ਦੇ ਮੈਂਬਰ ਪਾਰਲੀਮੈਂਟ ਬਣਨ ਨੂੰ ਵਿਸ਼ਵ ਵਿਆਪੀ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਦੱਸਦਿਆਂ ਬਰਤਾਨੀਆਂ ਵਿਚ ਵੱਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੀ ਇਕ-ਡੇਢ ਸਦੀ ਦੌਰਾਨ ਸਿੱਖਾਂ ਨੇ ਪੰਜਾਬ ਅਤੇ ਭਾਰਤ ਤੋਂ ਬਾਹਰ ਪੱਛਮੀ ਦੇਸ਼ਾਂ ਵੱਲ ਪਰਵਾਸ ਕੀਤਾ ਅਤੇ ਅੱਜ ਦੁਨੀਆ ਦੇ 161 ਤੋਂ ਵੱਧ ਮੁਲਕਾਂ ਵਿਚ ਸਿੱਖ ਵੱਸਦੇ ਹਨ। ਉਨ੍ਹਾਂ ਇਸ ਗੱਲ ‘ਤੇ ਤਸੱਲੀ ਜ਼ਾਹਰ ਕੀਤੀ ਕਿ ਦਸ ਗੁਰੂ ਸਾਹਿਬਾਨ ਦੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸਿਧਾਂਤ ‘ਤੇ ਚੱਲਦਿਆਂ ਹਰ ਮੁਲਕ ਵਿਚ ਸਿੱਖਾਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਲਿਆਕਤ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ।

ਉਨ੍ਹਾਂ ਆਖਿਆ ਕਿ ਬੇਸ਼ੱਕ ਅਮਰੀਕਾ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਸਿੱਖ ਚੰਗੀ ਰਾਜਨੀਤਕ ਸਥਿਤੀ ਵਿਚ ਬੈਠੇ ਹੋਏ ਹਨ ਅਤੇ ਬਰਤਾਨੀਆ ਵਿਚ ਪਹਿਲਾਂ ਵੀ ਸਿੱਖ ਸਿਵਲ, ਪ੍ਰਸ਼ਾਸਨਿਕ ਤੇ ਰਾਜਨੀਤਕ ਖੇਤਰ ਵਿਚ ਚੰਗਾ ਪ੍ਰਭਾਵ ਬਣਾ ਚੁੱਕੇ ਹਨ ਪਰ ਬਰਤਾਨੀਆ ਵਿਚ ਹੁਣੇ ਹੋਈਆਂ ਪਾਰਲੀਮੈਂਟ ਚੋਣਾਂ ਦੌਰਾਨ ਚਾਰ ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸਬੰਧਿਤ ਪੰਜ ਬੀਬੀਆਂ ਦਾ ਪਾਰਲੀਮੈਂਟ ਮੈਂਬਰ ਬਣਨਾ ਵੱਡੇ ਮਾਣ ਵਾਲੀ ਗੱਲ ਹੈ। 

ਉਨ੍ਹਾਂ ਬਰਤਾਨੀਆ ਵਿਚ ਜਿੱਤ ਹਾਸਲ ਕਰਨ ਵਾਲੇ ਪੰਜਾਬੀ ਅਤੇ ਸਿੱਖ ਪਾਰਲੀਮੈਂਟ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਪਣੀ ਲਿਆਕਤ, ਦੂਰਅੰਦੇਸ਼ੀ ਅਤੇ ਰਾਜਨੀਤਕ ਯੋਗਤਾ ਨਾਲ ਜਿੱਥੇ ਬਰਤਾਨੀਆ ਦੀ ਸਰਬਪੱਖੀ ਉੱਨਤੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ, ਉੱਥੇ ਹੀ ਸਿੱਖ ਕੌਮ ਦੇ ਕੌਮਾਂਤਰੀ ਮਸਲਿਆਂ ਤੇ ਵਿਦੇਸ਼ਾਂ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਚ ਆਉਂਦੀਆਂ ਸਮੱਸਿਆਵਾਂ ਦੇ ਸਰਲੀਕਰਨ ਅਤੇ ਦਸ ਗੁਰੂ ਸਾਹਿਬਾਨ ਦੇ ਦਿੱਤੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਗੁਰੂ ਪੰਥ ਦਾ ਨਾਮ ਰੌਸ਼ਨ ਕਰਨਗੇ। 

ਇਹ ਵੀ ਪੜ੍ਹੋ: Girl Child Death: ਡੂਮਣਾ ਮਖਿਆਲ ਲੜਨ ਨਾਲ 5 ਸਾਲਾਂ ਬੱਚੀ ਦੀ ਦਰਦਨਾਕ ਮੌਤ, ਸਦਮੇ ’ਚ ਪਰਿਵਾਰ, ਇੰਝ ਵਾਪਰੀ ਸੀ ਘਟਨਾ

Related Post