ਗੁੰਮਰਾਹਕੁੰਨ ਖ਼ਬਰਾਂ 'ਤੇ ਜਥੇਦਾਰ ਰਘਬੀਰ ਸਿੰਘ ਦਾ ਜਵਾਬ, ਦੱਸਿਆ - ਕਿਉਂ ਨਿਸ਼ਾਨ ਸਾਹਿਬ ਦੇ ਪੁਸ਼ਾਕੇ ’ਬਸੰਤੀ ਜਾਂ ਸੁਰਮਈ’ ਰੰਗ ਦੇ ਰੱਖੇ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਸੰਗਤ ਵਲੋਂ ਪ੍ਰਗਟਾਈ ਜਾ ਰਹੀ ਦੁਬਿਧਾ ਨੂੰ ਦੂਰ ਕਰਨ ਦੇ ਸਬੰਧ ਵਿਚ, 15 ਜੁਲਾਈ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਹੋਇਆ ਆਦੇਸ਼ ਪੱਤਰ ਪੜ੍ਹ ਕੇ ਵੀ ਸੁਣਾਇਆ ਸੀ।
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਮੁਤਾਬਿਕ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਠੀਕ ਕਰਨ ਦੇ ਸਬੰਧ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖ਼ਬਰਾਂ ਦਾ ਖੰਡਨ ਕੀਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਹੈ ਕਿ ਲੰਘੇ ਦਿਨੀਂ ਇੰਗਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਕੁਝ ਸਿੰਘ ਮਿਲੇ ਸਨ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਸਬੰਧੀ ਸਵਾਲ ਕੀਤੇ। ਇਸ ਦੇ ਸਬੰਧ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਣ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਨਵਾਂ ਜਾਂ ਕੋਈ ਵੱਖਰਾ ਫੈਸਲਾ ਨਹੀਂ ਕੀਤਾ, ਬਲਕਿ 1936 ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ’ਬਸੰਤੀ ਜਾਂ ਸੁਰਮਈ’ ਰੰਗ ਦੇ ਹੋਣੇ ਚਾਹੀਦੇ ਹਨ। ਇਸ ਕਰਕੇ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਸਹੀ ਕੀਤਾ ਗਿਆ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਸੰਗਤ ਵਲੋਂ ਪ੍ਰਗਟਾਈ ਜਾ ਰਹੀ ਦੁਬਿਧਾ ਨੂੰ ਦੂਰ ਕਰਨ ਦੇ ਸਬੰਧ ਵਿਚ, 15 ਜੁਲਾਈ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਹੋਇਆ ਆਦੇਸ਼ ਪੱਤਰ ਪੜ੍ਹ ਕੇ ਵੀ ਸੁਣਾਇਆ ਸੀ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਵਾਲੇ ਨਾਲੇ ਸੱਚਾਈ ਤੋਂ ਦੂਰ ਫੈਲਾਈਆਂ ਜਾ ਰਹੀਆਂ ਖ਼ਬਰਾਂ ਬਿਲਕੁਲ ਝੂਠੀਆਂ ਅਤੇ ਗੁੰਮਰਾਹਕੁੰਨ ਹਨ ਅਤੇ ਸੰਗਤ ਸੁਚੇਤ ਰਹੇ।