ਸੋਸ਼ਲ ਮੀਡੀਆ 'ਤੇ ਸਿੱਖਾਂ ਅਤੇ ਮੁਸਲਮਾਨਾਂ 'ਚ ਟਕਰਾਅ ਪੈਦਾ ਕਰਨ ਦਾ ਰੁਝਾਨ ਨੀਚਤਾ ਭਰੀਆਂ ਹਰਕਤਾਂ : ਜਥੇਦਾਰ ਗਿਆਨੀ ਰਘਬੀਰ ਸਿੰਘ

ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਨਾ ਤਾਂ ਕੋਈ ਸੱਚਾ ਸਿੱਖ ਕਰ ਰਿਹਾ ਹੈ ਅਤੇ ਨਾ ਹੀ ਸੱਚਾ ਮੁਸਲਮਾਨ, ਬਲਕਿ ਇਹ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਘੀ ਸਾਜ਼ਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿਚ ਲੜਾਉਣ ਦੀਆਂ ਨੀਚਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ।

By  KRISHAN KUMAR SHARMA September 10th 2024 12:35 PM

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵਿਦੇਸ਼ਾਂ ਵਿਚ ਟਿਕਟੋਕ ਵਰਗੇ ਸੋਸ਼ਲ ਮੀਡੀਆ ਮੰਚਾਂ ਸਿੱਖ ਅਤੇ ਮੁਸਲਮਾਨਾਂ ਦੇ ਭੇਸ ਅਤੇ ਨਾਵਾਂ ਵਾਲੇ ਖਾਤੇ ਬਣਾ ਕੇ ਸਿੱਖ ਅਤੇ ਇਸਲਾਮ ਧਰਮ ਵਿਚਾਲੇ ਟਕਰਾਅ ਪੈਦਾ ਕਰਨ ਦੇ ਨੀਚਤਾ ਭਰੇ ਰੁਝਾਨ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਆਖਿਆ ਹੈ ਕਿ ਕਿਸੇ ਵੀ ਦੂਜੇ ਧਰਮ ਅਤੇ ਉਨ੍ਹਾਂ ਦੇ ਪੀਰ-ਪੈਗੰਬਰਾਂ ਦੇ ਖ਼ਿਲਾਫ਼ ਅਪਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਉਨ੍ਹਾਂ ਕੋਲ ਕੁਝ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਵਿਦੇਸ਼ਾਂ ਵਿਚ ਕੁਝ ਸਿੱਖਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਟਿਕਟੋਕ ਖਾਤੇ ਬਣਾ ਕੇ ਇਸਲਾਮ ਧਰਮ ਦੇ ਖ਼ਿਲਾਫ਼ ਅਤੇ ਕੁਝ ਮੁਸਲਮਾਨਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਟਿਕਟੋਕ ਖਾਤਿਆਂ ਤੋਂ ਸਿੱਖ ਧਰਮ ਦੇ ਖ਼ਿਲਾਫ਼ ਬੇਹੱਦ ਅਪਮਾਨਜਨਕ ਅਤੇ ਨਫਰਤ ਭਰਿਆ ਕੂੜ ਪ੍ਰਚਾਰ ਹੋ ਰਿਹਾ ਹੈ। ਇਹ ਸਭ ਕੁਝ ਨਾ ਤਾਂ ਕੋਈ ਸੱਚਾ ਸਿੱਖ ਕਰ ਰਿਹਾ ਹੈ ਅਤੇ ਨਾ ਹੀ ਸੱਚਾ ਮੁਸਲਮਾਨ, ਬਲਕਿ ਇਹ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਘੀ ਸਾਜ਼ਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿਚ ਲੜਾਉਣ ਦੀਆਂ ਨੀਚਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ।

ਉਨ੍ਹਾਂ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਨੂੰ ਅਜਿਹੇ ਗੁੰਮਰਾਹਕੁੰਨ ਅਤੇ ਖ਼ਤਰਨਾਕ ਕੂੜ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਦਸ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਿਕ ਆਪਣੇ ਧਰਮ ਵਿਚ ਪ੍ਰਪੱਕ ਰਹਿਣ ਤੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦਾ ਆਦੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੇ ਮੁਸਲਮਾਨ ਭਾਈਚਾਰੇ ਨੂੰ ਵੀ ਆਗਾਹ ਹੋਣ ਦੀ ਲੋੜ ਹੈ ਅਤੇ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਦੇ ਕਿਸੇ ਮੰਚ ‘ਤੇ ਸਿੱਖ ਭੇਸ ਜਾਂ ਨਾਮ ਦੇ ਜ਼ਰੀਏ ਇਸਲਾਮ ਧਰਮ ਦੇ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰਦਾ ਹੈ, ਉਸ ਨੂੰ ਸਿੱਖ ਨਾ ਸਮਝਿਆ ਜਾਵੇ ਅਤੇ ਉਸ ਦੇ ਜਵਾਬ ਵਿਚ ਸਿੱਖ ਧਰਮ ਦੇ ਖ਼ਿਲਾਫ਼ ਬੋਲਣ ਦੀ ਬਜਾਇ ਇਸ ਅਦਿੱਖ ਡੂੰਘੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਕਾਨੂੰਨੀ ਤਰੀਕੇ ਨਾਲ ਇਸ ਨਫਰਤ ਭਰੇ ਪ੍ਰਚਾਰ ਨੂੰ ਰੋਕਣ ਦੇ ਯਤਨ ਕੀਤੇ ਜਾਣ।

ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਿੱਖ ਧਰਮ ਇਸ ਸਾਜ਼ਿਸ਼ ਨੂੰ ਨੰਗਾ ਕਰਨ ਲਈ ਹਰ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਦੇ ਨਾਲ ਖੜ੍ਹਾ ਹੈ ਅਤੇ ਦੁਵੱਲੀ ਨਫਰਤ ਪੈਦਾ ਕਰਨ ਵਾਲੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਵੀ ਸਿੱਖ ਕੌਮ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

Related Post