ਹਰੇਕ ਸਿੱਖ ਨੂੰ ਗੁਰਮਤਿ ਅਨੁਸਾਰੀ ਜੀਵਨ-ਜਾਚ ਜੀਅ ਕੇ ਖੁਦ-ਬਖੁਦ ਧਰਮ ਪ੍ਰਚਾਰਕ ਬਣਨ ਦੀ ਲੋੜ: ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ ਨੇ ਆਪਣੇ ਉੱਤਰ ਪ੍ਰਦੇਸ਼ ਦੇ ਧਰਮ ਪ੍ਰਚਾਰ ਦੌਰੇ ਦੌਰਾਨ ਸਿੱਖ ਮਿਸ਼ਨ ਹਾਪੁੜ ਵਿਖੇ ਮੋਹਤਬਰ ਸਿੱਖ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉੱਤਰ ਪ੍ਰਦੇਸ਼ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ।

By  KRISHAN KUMAR SHARMA May 28th 2024 06:13 PM

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਪਣੇ ਉੱਤਰ ਪ੍ਰਦੇਸ਼ ਦੇ ਧਰਮ ਪ੍ਰਚਾਰ ਦੌਰੇ ਦੌਰਾਨ ਸਿੱਖ ਮਿਸ਼ਨ ਹਾਪੁੜ ਵਿਖੇ ਮੋਹਤਬਰ ਸਿੱਖ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉੱਤਰ ਪ੍ਰਦੇਸ਼ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ। ਇਸ ਦੌਰਾਨ ਇਕ ਨੌਜਵਾਨ ਦਵਿੰਦਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਪ੍ਰੇਰਨਾ ਸਦਕਾ ਕੇਸਾਧਾਰੀ ਸਿੱਖ ਬਣਨ ਦਾ ਪ੍ਰਣ ਕੀਤਾ, ਜਿਸ ਨੂੰ ਸਿੰਘ ਸਾਹਿਬ ਨੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਸਿੱਖ ਮਿਸ਼ਨ ਹਾਪੁੜ ਵਿਖੇ ਮੋਹਤਬਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਧਰਮ ਪ੍ਰਚਾਰ ਅਤੇ ਆਰਥਿਕ ਤੌਰ ‘ਤੇ ਪੱਛੜੇ ਸਿੱਖਾਂ ਦੇ ਸਮਾਜਿਕ ਤੇ ਆਰਥਿਕ ਉਥਾਨ ਦੇ ਯਤਨ ਤੇਜ਼ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਨੂੰ ਗੁਰਮਤਿ ਅਨੁਸਾਰੀ ਜੀਵਨ-ਜਾਚ ਜੀਅ ਕੇ ਖੁਦ-ਬਖੁਦ ਧਰਮ ਪ੍ਰਚਾਰਕ ਬਣਨ ਦੀ ਲੋੜ ਹੈ।

ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਦੇ ਲੜ ਲਾ ਕੇ ਅਜਿਹੀ ਆਦਰਸ਼ਕ ਜੀਵਨ-ਜਾਚ ਦਿੱਤੀ ਹੈ, ਜਿਹੜੀ ਸਾਨੂੰ ਕੁੱਲ ਸੰਸਾਰ ਦੇ ਲੋਕਾਂ ਨਾਲੋਂ ਨਿਆਰਾਪਨ ਬਖਸ਼ਦੀ ਹੈ। ਇਸ ਮੌਕੇ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਗਿਆਨੀ ਬ੍ਰਿਜਪਾਲ ਸਿੰਘ, ਭਗਵਾਨ ਸਿੰਘ ਨਿੱਜੀ ਸਹਾਇਕ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ।

Related Post