Jaswinder Brar: ਸਿੱਧੂ ਮੂਸੇਵਾਲਾ ਲਈ ਜਸਵਿੰਦਰ ਬਰਾੜ ਨੇ ਗਾਇਆ ਭਾਵੁਕ ਗੀਤ 'ਨਿੱਕੇ ਪੈਰੀਂ'

By  KRISHAN KUMAR SHARMA March 7th 2024 08:46 AM

Jaswinder Brar Song Nikke Pairi for Sidhu Moosewala: ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਦੋ ਸਾਲ ਹੋ ਗਏ ਹਨ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਵੱਸਿਆ ਹੋਇਆ। ਹੁਣ ਉਸ ਨੂੰ ਇੱਕ ਯਾਦ ਕਰਦਾ ਅਜਿਹਾ ਹੀ ਗੀਤ ਗਾਇਕਾ ਜਸਵਿੰਦਰ ਬਰਾੜ ਨੇ ਪੇਸ਼ ਕੀਤਾ ਹੈ। ਗਾਇਕਾ ਵੱਲੋਂ ਸਿੱਧੂ ਮੂਸੇਵਾਲਾ ਲਈ ਗੀਤ 'ਨਿੱਕੇ ਪੈਰੀਂ' ਜਾਰੀ ਕੀਤਾ ਗਿਆ ਹੈ। ਗੀਤ ਰਾਹੀਂ ਜਸਵਿੰਦਰ ਬਰਾੜ, ਮੂਸੇਵਾਲਾ ਦੇ ਮੁੜ ਆਉਣ ਦੀ ਕਾਮਨਾ ਕਰਦੀ ਨਜ਼ਰ ਆ ਰਹੀ ਹੈ। ਬਹੁਤ ਹੀ ਭਾਵੁਕਤਾ ਭਰੇ ਇਸ ਗੀਤ ਨੂੰ ਪ੍ਰਸ਼ੰਸਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਗੀਤ ਦੇ ਬੋਲ ਸੁਣ ਕੇ ਫੈਨਜ਼ ਵੀ ਹੋਏ ਭਾਵੁਕ

ਬੀਤੇ ਦਿਨੀ ਇੱਕ ਇੰਟਰਵਿਊ 'ਚ ਇਸ ਗੀਤ ਬਾਰੇ ਜਸਵਿੰਦਰ ਬਰਾੜ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ, ''ਮੈਂ ਉਸ ਨੂੰ ਜ਼ਿਆਦਾਤਰ ਚੱਪਲਾਂ ਵਿੱਚ ਹੀ ਵੇਖਿਆ ਹੈ, ਉਹ ਕਦੇ ਫਾਰਮੈਲਟੀ ਨਹੀਂ ਕਰਦਾ ਸੀ, ਮੈਨੂੰ ਅੱਜ ਵੀ ਉਸ ਦੇ ਚੱਪਲਾਂ ਵਾਲੇ ਵੱਡੇ-ਵੱਡੇ ਪੈਰ ਯਾਦ ਹਨ।'' ਗਾਇਕਾ ਨੇ ਕਿਹਾ ਸੀ, ''ਮੈਂ ਹਮੇਸ਼ਾ ਕਹਿੰਦੀ ਹੈ ਕਿ ਪੁੱਤ ਨੂੰ ਵੱਡੇ ਪੈਰੀਂ ਗਿਆ ਹੈਂ ਤੇ ਛੇਤੀ ਨਿੱਕੇ-ਨਿੱਕੇ ਪੈਰ ਵਾਪਸ ਮੁੜ ਆਵੀਂ।  ਜਸਵਿੰਦਰ ਬਰਾੜ ਨੇ ਕਿਹਾ ਕਿ ਮੈਨੂੰ ਉਮੀਂਦ ਹੈ ਕਿ ਜਲਦ ਹੀ ਮੈਂ ਸਿੱਧੂ ਉੱਤੇ ਇਹੀ ਗੀਤ ਰਿਲੀਜ਼ ਕਰਾਂ ਵੇ ਵੱਡੇ ਪੈਰੀਂ ਗਿਆ ਹੈਂ ਤੇ ਨਿੱਕੇ ਪੈਰੀਂ ਆ ਜਾਵੀਂ।'' ਇਸ ਗੀਤ ਦੇ ਬੋਲ 'ਵੇ ਤੂੰ ਵੱਡੇ ਪੈਰੀਂ ਗਿਆ ਨਿੱਕੇ ਪੈਰੀਂ ਆਜਾ' ਸੁਣ ਕੇ ਫੈਨਜ਼ ਭਾਵੁਕ ਹੋ ਗਏ।

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਗੀਤ ਲਈ ਕੀਤਾ ਧੰਨਵਾਦ

ਗਾਇਕਾ ਜਸਵਿੰਦਰ ਬਰਾੜ ਵੱਲੋਂ ਸਿੱਧੂ ਮੂਸੇਵਾਲਾ ਲਈ ਬਹੁਤ ਹੀ ਭਾਵੁਕਤਾ ਭਰਿਆ ਗੀਤ ਗਾਉਣ ਲਈ ਮਾਤਾ ਚਰਨ ਕੌਰ (Mata Charan Kaur) ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਦੱਸ ਦਈਏ ਕਿ ਬੀਤੇ ਹਫ਼ਤੇ ਗਾਇਕ ਦੇ ਘਰ ਖੁਸ਼ਖਬਰੀ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਜਲਦ ਹੀ ਗਾਇਕ ਦੇ ਮਾਤਾ-ਪਿਤਾ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਪਰ ਹੁਣ ਗੀਤ ਨਿੱਕੇ ਪੈਰੀਂ ਤੋਂ ਫੈਨਸ ਛੋਟੇ ਮੂਸੇਵਾਲਾ ਦੇ ਆਉਣ ਦਾ ਅੰਦਾਜ਼ਾ ਲਗਾ ਰਹੇ ਹਨ।

ਪ੍ਰਸ਼ੰਸਕਾਂ ਦੀਆਂ ਆ ਰਹੀਆਂ ਵੱਖ-ਵੱਖ ਪ੍ਰਤੀਕਿਰਿਆਵਾਂ

ਗਾਇਕਾ ਦੇ ਇਸ ਗੀਤ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਨੇ ਲਿਖਿਆ, 'ਵਾਹ ਤੁਸੀਂ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕੀਤਾ, ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸਿੱਧੂ ਛੇਤੀ ਹੀ ਨਿੱਕੇ ਪੈਰੀ ਵਾਪਸ ਆ ਜਾਵੇ। ' ਇੱਕ ਹੋਰ ਯੂਜ਼ਰ ਨੇ ਲਿਖਿਆ, ' ਨਿੱਕੇ ਸਿੱਧੂ ਦੇ ਆਉਣ ਨਾਲ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਣੇ ਖਾਲ੍ਹੀ ਪਈ ਹਵੇਲੀ ਵਿੱਚ ਮੁੜ ਖੁਸ਼ੀਆਂ ਆ ਜਾਣਗੀਆਂ, ਵਾਹਿਗੁਰੂ ਮੇਹਰ ਕਰੇ।'

Related Post