AAP 'ਚ ਸ਼ਾਮਲ ਹੋਏ ਜਸਵੀਰ ਸਿੰਘ ਗੜ੍ਹੀ, ਪਿਛਲੇ ਸਾਲ ਅਨੁਸ਼ਾਸਨਹੀਣਤਾ ਕਾਰਨ ਬਸਪਾ ਨੇ ਪਾਰਟੀ 'ਚੋਂ ਕੀਤਾ ਸੀ ਬਾਹਰ

Jasvir Singh Garhi News : ਜਸਵੀਰ ਸਿੰਘ ਗੜ੍ਹੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਸਿਆਸਤ ਦੀ ਨਵੀਂ ਪਾਰੀ ਖੇਡਣ ਵੱਲ ਕਦਮ ਵਧਾਇਆ ਹੈ।

By  KRISHAN KUMAR SHARMA January 1st 2025 04:20 PM -- Updated: January 1st 2025 05:00 PM

Jasvir Singh Garhi Joins AAP : ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਆਮ ਆਦਮੀ ਪਾਰਟੀ ਦਾ 'ਝਾੜੂ' ਫੜ ਲਿਆ ਹੈ। ਬਸਪਾ ਦੇ ਸਾਬਕਾ ਪ੍ਰਧਾਨ ਨੂੰ ਪਿਛਲੇ ਸਾਲ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਸਾਲ ਉਨ੍ਹਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਸਿਆਸਤ ਦੀ ਨਵੀਂ ਪਾਰਟੀ ਖੇਡਣ ਵੱਲ ਕਦਮ ਵਧਾਇਆ ਹੈ।

ਇਸ ਮੌਕੇ ਗੜ੍ਹੀ ਨੇ ਬਹੁਜਨ ਸਮਾਜ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਅਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਦਾ ਰਾਜਨੀਤਕ ਤੌਰ 'ਤੇ ਕਤਲ ਕੀਤਾ ਗਿਆ। ਉਨ੍ਹਾਂ ਨਾਲ ਬਸਪਾ ਆਗੂ ਡਾ. ਜਸਪ੍ਰੀਤ ਅਤੇ ਸੋਹਣ ਲਾਲ ਢਾਂਡਾ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਜ਼ਿਕਰਯੋਗ ਹੇ ਕਿ ਪਿਛਲੇ ਸਾਲ ਪੰਜਾਬ ਪ੍ਰਦੇਸ਼ ਜਲੰਧਰ, ਦਫਤਰ ਵੱਲੋਂ ਜਾਰੀ ਪੱਤਰ ਵਿੱਚ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚੋਂ ਕੱਢਣ ਦਾ ਕਾਰਨ ਅਨੁਸ਼ਾਸਨਹੀਣਤਾ ਦੱਸਿਆ ਗਿਆ ਸੀ। ਪੱਤਰ ਅਨੁਸਾਰ ਪਾਰਟੀ ਵੱਲੋਂ ਉਨ੍ਹਾਂ ਦੀ ਥਾਂ 'ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਜੋ ਕਿ ਪਾਰਟੀ ਵਿਧਾਇਕ ਅਤੇ ਸਾਂਸਦ ਵੀ ਰਹਿ ਚੁੱਕੇ ਹਨ। ਉਸ ਸਮੇਂ ਕਰੀਮਪੁਰੀ ਨੇ ਵੀ ਪਾਰਟੀ ਦੇ ਇਸ ਫੈਸਲੇ ਦੀ ਹਮਾਇਤ ਵੀ ਕੀਤੀ ਸੀ।

ਹਾਲਾਂਕਿ, ਦੂਜੇ ਪਾਸੇ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਪ੍ਰਭਾਰੀ ਰਣਧੀਰ ਸਿੰਘ ਬੈਣੀਪਾਲ ਵੱਲੋਂ ਕੀਤੇ ਗਏ ਘਪਲੇ ਦੀ ਪੋਲ ਖੋਲੀ ਸੀ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕਰਨ ਦਾ ਇਹ ਪੱਤਰ ਭੇਜਿਆ ਗਿਆ।

ਪਹਿਲਾਂ 'ਆਪ' 'ਤੇ ਚੁੱਕਦੇ ਰਹੇ ਹਨ ਉਂਗਲ

ਜ਼ਿਕਰਯੋਗ ਹੈ ਕਿ ਗੜ੍ਹੀ ਇਸਤੋਂ ਪਹਿਲਾਂ 2022 'ਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ 'ਤੇ ਸਰਕਾਰ 'ਤੇ ਉਂਗਲ ਚੁੱਕਦੇ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ 'ਆਪ' ਸੱਤਾ ਵਿਚੋਂ ਬਾਹਰ ਰਹਿੰਦੇ ਹੋਏ ਨਸ਼ੇ ਦੇ ਮੁੱਦੇ ਉਤੇ ਤਰ੍ਹਾਂ-ਤਰ੍ਹਾਂ ਦੇ ਵਿਰੋਧ ਵਿਖਾਵੇ ਕਰਕੇ ਸੱਤਾ ਲਈ ਨਾਟਕ ਖੇਡਣ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਦਾ ਮੁੱਦਾ ਭੁੱਲਣ ਦੇ ਇਲਜ਼ਾਮ ਵੀ ਲਾਉਂਦੇ ਰਹੇ ਸਨ।

Related Post