ਜਰਨੈਲ ਸਿੰਘ ਬਾਜਵਾ ਨੂੰ ਹਾਈ ਕੋਰਟ ਵਿੱਚ ਕੀਤਾ ਗਿਆ ਪੇਸ਼, ਬੀਤੀ ਰਾਤ ਕੀਤਾ ਸੀ ਗ੍ਰਿਫ਼ਤਾਰ
Punjab News: ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ।
Punjab News: ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਾਈਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਸੰਨੀ ਬਾਜਵਾ 30 ਅਗਸਤ ਨੂੰ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਇਸ ਮੌਕੇ ਏਡੀਜੀਪੀ ਪ੍ਰਵੀਨ ਸਿਨਹਾ ਅਤੇ ਐਸਐਸਪੀ ਮੁਹਾਲੀ ਦੀਪਕ ਪਾਰੀਕ ਵੀ ਅਦਾਲਤ ਵਿੱਚ ਮੌਜੂਦ ਹਨ।
ਬੀਤੀ ਦੇਰ ਸ਼ਾਮ ਮੋਹਾਲੀ ਪੁਲਿਸ ਨੇ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਸੋਹਾਣਾ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਗਿਆ। ਸੋਹਾਣਾ ਥਾਣੇ ਵਿੱਚ ਦਰਜ ਪੁਰਾਣੇ ਮਾਮਲੇ ਵਿੱਚ ਬਾਜਵਾ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਬਾਜਵਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਪਰਚੇ ਦਰਜ ਹਨ। ਪੰਜਾਬ ਪੁਲਿਸ ਅਤੇ ਸਿਆਸੀ ਆਗੂਆਂ ਨਾਲ ਉਸ ਦਾ ਚੰਗਾ ਰਸੂਖ ਹੋਣ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ।
ਦਰਅਸਲ 'ਚ ਪੰਜਾਬ ਪੁਲਿਸ ਇੱਕ ਸਾਲ ਤੱਕ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਸ 'ਤੇ ਹਾਈਕੋਰਟ ਨੇ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਬਾਜਵਾ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਜਸਟਿਸ ਸੰਦੀਪ ਮੌਦਗਿਲ ਨੇ ਹੁਕਮਾਂ ਵਿੱਚ ਕਿਹਾ ਸੀ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਜ਼ਿਲ੍ਹੇ ਦੀ ਪੁਲਿਸ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ ਹੈ। ਅਦਾਲਤ ਇਸ ਪਿੱਛੇ ਕਾਰਨਾਂ ਨੂੰ ਸਮਝ ਰਹੀ ਹੈ। ਜਸਟਿਸ ਮੌਦਗਿਲ ਨੇ ਪੰਜਾਬ ਦੇ ਡੀਜੀਪੀ ਨੂੰ ਹਲਫ਼ਨਾਮਾ ਦਾਇਰ ਕਰਨ ਅਤੇ ਪੁਲਿਸ ਦੀ ਭੂਮਿਕਾ ਬਾਰੇ ਸਥਿਤੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
ਹਾਈਕੋਰਟ 'ਚ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੁਲਿਸ ਨੂੰ 5 ਵਾਰ ਫਟਕਾਰ ਲਗਾਈ ਅਤੇ ਬਾਜਵਾ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਦਿੱਤੇ, ਇੱਥੋਂ ਤੱਕ ਕਿ ਹਾਈਕੋਰਟ ਨੇ ਐਸ.ਐਸ.ਪੀ ਨੂੰ ਹਲਫੀਆ ਬਿਆਨ ਰਾਹੀਂ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੱਤੇ ਸਨ। ਇਸਦੇ ਬਾਵਜੂਦ ਪੁਲਿਸ ਹਾਈਪ੍ਰੋਫਾਈਲ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ ਪਰ ਬੀਤੀ ਸ਼ਾਮ ਪੁਲਿਸ ਨੇ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਹੈ।